Kangana Controversy: ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ (kangana ranaut) ਵੀਰਵਾਰ (29 ਅਗਸਤ) ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ (J. P. Nadda) ਨੂੰ ਮਿਲਣ ਪਹੁੰਚੀ। ਦਿੱਲੀ 'ਚ ਨੱਡਾ ਦੀ ਰਿਹਾਇਸ਼ 'ਤੇ ਕਰੀਬ ਅੱਧਾ ਘੰਟਾ ਰੁਕਣ ਤੋਂ ਬਾਅਦ ਕੰਗਨਾ ਰਵਾਨਾ ਹੋ ਗਈ। ਕਿਸਾਨ ਅੰਦੋਲਨ 'ਤੇ ਦਿੱਤੇ ਬਿਆਨ ਤੋਂ ਬਾਅਦ ਕੰਗਨਾ ਦੀ ਭਾਜਪਾ ਦੇ ਕਿਸੇ ਵੱਡੇ ਨੇਤਾ ਨਾਲ ਇਹ ਪਹਿਲੀ ਮੁਲਾਕਾਤ ਸੀ।






ਕੰਗਨਾ ਨੇ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਵਿਰੋਧ ਦੇ ਨਾਂਅ 'ਤੇ ਬਲਾਤਕਾਰ ਤੇ ਕਤਲ ਹੋਏ ਸਨ। ਜੇ ਸਰਕਾਰ ਮਜ਼ਬੂਤ ​​ਨਾ ਹੁੰਦੀ ਤਾਂ ਪੰਜਾਬ ਬੰਗਲਾਦੇਸ਼ ਬਣ ਜਾਣਾ ਸੀ। ਜਦੋਂ ਇਸ ਬਿਆਨ ਦਾ ਵਿਰੋਧ ਕੀਤਾ ਗਿਆ ਤਾਂ ਭਾਜਪਾ ਨੇ ਪੱਲ ਝਾੜਦਿਆਂ ਕਿਹਾ ਕਿ ਇਹ ਕੰਗਨਾ ਦੀ ਆਪਣੀ ਰਾਏ ਹੈ, ਪਾਰਟੀ ਦੀ ਨਹੀਂ।


ਜ਼ਿਕਰ ਕਰ ਦਈਏ ਕਿ ਭਾਰਤੀ ਜਨਤਾ ਪਾਰਟੀ ਨੇ ਨੇ 26 ਅਗਸਤ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ- ਪਾਰਟੀ ਕੰਗਨਾ ਦੇ ਬਿਆਨ ਨਾਲ ਅਸਹਿਮਤ ਹੈ। ਕੰਗਨਾ ਨੂੰ ਪਾਰਟੀ ਨੀਤੀ ਦੇ ਮੁੱਦਿਆਂ 'ਤੇ ਬੋਲਣ ਦੀ ਇਜਾਜ਼ਤ ਨਹੀਂ ਹੈ। ਪਾਰਟੀ ਨੇ ਉਨ੍ਹਾਂ ਨੂੰ ਅੱਗੇ ਤੋਂ ਅਜਿਹੇ ਬਿਆਨ ਨਾ ਦੇਣ ਦੀ ਹਦਾਇਤ ਵੀ ਕੀਤੀ ਸੀ।


ਇੰਟਰਵਿਊ ਵਿੱਚ ਕੰਗਨਾ ਨੇ ਕਿਹਾ ਕਿ ਜੇਕਰ ਸਾਡੀ ਸਿਖਰ ਲੀਡਰਸ਼ਿਪ ਮਜ਼ਬੂਤ ​​ਨਾ ਹੁੰਦੀ ਤਾਂ ਕਿਸਾਨ ਅੰਦੋਲਨ ਦੌਰਾਨ ਪੰਜਾਬ ਬੰਗਲਾਦੇਸ਼ ਵਿੱਚ ਤਬਦੀਲ ਹੋ ਜਾਣਾ ਸੀ। ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਨਾਂਅ 'ਤੇ ਸ਼ਰਾਰਤੀ ਅਨਸਰ ਹਿੰਸਾ ਫੈਲਾ ਰਹੇ ਹਨ। ਉੱਥੇ ਬਲਾਤਕਾਰ ਤੇ ਕਤਲ ਹੋ ਰਹੇ ਸਨ। ਕਿਸਾਨ ਬਿੱਲ ਵਾਪਸ ਲੈ ਲਿਆ ਗਿਆ ਨਹੀਂ ਤਾਂ ਇਨ੍ਹਾਂ ਬਦਮਾਸ਼ਾਂ ਦੀ ਬਹੁਤ ਲੰਬੀ ਯੋਜਨਾ ਸੀ। ਉਹ ਦੇਸ਼ ਵਿੱਚ ਕੁਝ ਵੀ ਕਰ ਸਕਦੇ ਸਨ।


ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਦਾ ਐਲਾਨ 


ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਹਿਲਾਂ ਹੀ ਕੰਗਨਾ ਦੇ ਬਿਆਨ ਦਾ ਵਿਰੋਧ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਆਪਣੇ ਸੰਸਦ ਮੈਂਬਰ ਦੇ ਕਿਸਾਨ ਵਿਰੋਧੀ ਬਿਆਨ ਲਈ ਮੁਆਫ਼ੀ ਮੰਗਣੀ ਹੋਵੇਗੀ। ਜਦੋਂ ਤੱਕ ਕੰਗਨਾ ਰਣੌਤ ਵੀ ਮੁਆਫੀ ਨਹੀਂ ਮੰਗਦੀ, ਉਸ ਦਾ ਦੇਸ਼ ਭਰ ਵਿੱਚ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕੰਗਨਾ ਰਣੌਤ ਦੀ ਮਾਨਸਿਕ ਸਥਿਤੀ 'ਤੇ ਸਵਾਲ ਖੜ੍ਹੇ ਕੀਤੇ ਹਨ।