ਕਾਨਪੁਰ: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਦੇ ਕਤਲ ਵਿੱਚ ਵਿਕਾਸ ਦੂਬੇ ਅਜੇ ਵੀ ਪੁਲਿਸ ਦੀ ਪਕੜ ਤੋਂ ਦੂਰ ਹੈ। ਯੂਪੀ ਪੁਲਿਸ ਨੇ ਵਿਕਾਸ ਦੀ ਭਾਲ ਵਿੱਚ 40 ਟੀਮਾਂ ਦਾ ਗਠਨ ਕੀਤਾ ਹੈ। ਇਸ ਤੋਂ ਇਲਾਵਾ ਐਸਟੀਐਫ ਵੱਖ-ਵੱਖ ਥਾਂਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਯੂਪੀ ਨੇਪਾਲ ਸਰਹੱਦ ਤੋਂ ਇਲਾਵਾ, ਯੂਪੀ-ਐਮ ਪੀ ਅਤੇ ਯੂਪੀ-ਰਾਜਸਥਾਨ ਬਾਰਡਰ 'ਤੇ ਵੀ ਗਸ਼ਤ ਵਧਾ ਦਿੱਤੀ ਗਈ ਹੈ। ਹਿਸਟਰੀ ਸ਼ੀਟਰ ਵਿਕਾਸ ਦੁਬੇ 'ਤੇ ਪੁਲਿਸ ਨੇ ਹੁਣ ਢਾਈ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ ਪੂਰੇ ਸੂਬੇ ਦੇ ਟੋਲ ਪੁਆਇੰਟਸ 'ਤੇ ਪੋਸਟਰ ਵੀ ਲਗਾਏ ਗਏ ਹਨ। ਮਾਮਲੇ ਵਿਚ ਹੁਣ ਤਕ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਸੋਮਵਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸ਼ਨੀਵਾਰ ਨੂੰ ਚੌਬੇਪੁਰ ਥਾਣਾ ਮੁਖੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ।

ਦੱਸ ਦਈਏ ਕਿ ਸ਼ਹੀਦ ਸੀਓ ਦਵੇਂਦਰ ਮਿਸ਼ਰਾ ਨੇ ਮਾਰਚ ਮਹੀਨੇ ਵਿੱਚ ਹੀ ਐਸਐਸਪੀ ਕਾਨਪੁਰ ਨੂੰ ਇੱਕ ਪੱਤਰ ਦਿੱਤਾ ਸੀ। ਉਸ ਪੱਤਰ ਵਿਚ ਇਹ ਸਾਫ ਲਿਖਿਆ ਗਿਆ ਹੈ ਕਿ ਜੇ ਦੋਸ਼ੀ ਐਸਓ ਵਿਨੈ ਤਿਵਾੜੀ 'ਤੇ ਕਾਰਵਾਈ ਨਾ ਕੀਤੀ ਗਈ ਤਾਂ ਭਵਿੱਖ ਵਿਚ ਵੱਡੀ ਘਟਨਾ ਵਾਪਰ ਸਕਦੀ ਹੈ। ਅਜਿਹੀ ਸਥਿਤੀ ਵਿੱਚ ਕਾਨਪੁਰ ਪੁਲਿਸ ‘ਤੇ ਇੱਕ ਵੱਡਾ ਸਵਾਲ ਇਹ ਵੀ ਉੱਠਦਾ ਹੈ ਕਿ ਵਿਨੈ ਤਿਵਾੜੀ ਨੂੰ ਸੀਓ ਦੇ ਪੱਤਰ ਦੇ ਬਾਅਦ ਵੀ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਇਸ ਮਾਮਲੇ ‘ਚ ਹੁਣ ਪੁਲਿਸ ਦੀ ਨਿਗਰਾਨੀ ਟੀਮਾਂ ਦੁਬੇ ਦੇ ਨੇੜਲੇ ਲੋਕਾਂ ਦੇ ਮੋਬਾਇਲਾਂ ਦੀ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ ਅਤੇ ਹਰ ਵਿਅਕਤੀ ਜਿਸਦਾ ਇਸ ਨਾਲ ਕੋਈ ਸਬੰਧ ਹੈ ਉਹ ਪੁਲਿਸ ਦੇ ਰਾਡਾਰ 'ਤੇ ਹੈ। ਮੁਅੱਤਲ ਕੀਤੇ ਗਏ ਵਿਅਕਤੀਆਂ ਵਿੱਚ ਸਬ ਇੰਸਪੈਕਟਰ ਕੁੰਵਰਪਾਲ, ਸਬ ਇੰਸਪੈਕਟਰ ਕ੍ਰਿਸ਼ਨ ਕੁਮਾਰ ਸ਼ਰਮਾ ਅਤੇ ਕਾਂਸਟੇਬਲ ਰਾਜੀਵ ਹਨ। ਉਹ ਸਾਰੇ ਚੌਬੇਪੁਰ ਥਾਣੇ ਵਿੱਚ ਤਾਇਨਾਤ ਸੀ। ਤਿੰਨੋਂ ਖਿਲਾਫ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904