ਕਰਨਾਲ: ਕਰਨਾਲ ਵਿੱਚ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਬੇਸਿੱਟਾ ਰਹੀ ਹੈ। ਕਿਸਾਨ ਮਹਾਪੰਚਾਇਤ ਦੇ 11 ਮੈਂਬਰੀ ਵਫਦ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਪਰ ਗੱਲ਼ ਕਿਸੇ ਪਾਸੇ ਨਹੀਂ ਲੱਗ ਸਕੀ। ਕਿਸਾਨਾਂ ਨੇ ਕਰਨਾਲ ਦੇ ਡਿਪਟੀ ਕਮਿਸ਼ਨਰ ਨੂੰ ਸਕੱਤਰੇਤ ਵਿੱਚ ਆਪਣੀਆਂ ਮੰਗਾਂ ਦਾ ਮੰਗ ਪੱਤਰ ਸੌਂਪਿਆ।


ਕਿਸਾਨਾਂ ਨੇ ਉਸ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ, ਜਿਸ ਨੇ 28 ਅਗਸਤ ਨੂੰ ਕਿਸਾਨਾਂ ਖ਼ਿਲਾਫ਼ ਲਾਠੀਚਾਰਜ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਇਲਾਵਾ ਲਾਠੀਚਾਰਜ ਕਾਰਨ ਮਾਰੇ ਕਿਸਾਨ ਸੁਸ਼ੀਲ ਕਾਜਲ ਦੇ ਪਰਿਵਾਰ ਤੇ ਹੋਰ ਜ਼ਖ਼ਮੀ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।


ਕਾਫੀ ਚਰਚਾ ਮਗਰੋਂ ਵੀ ਕਿਸਾਨ ਵਫਦ ਤੇ ਪ੍ਰਸ਼ਾਸਨ ਵਿਚਾਲੇ ਗੱਲਬਾਤ ਸਿਰੇ ਨਹੀਂ ਚੜੀ ਤੇ ਨੇਤਾ ਮੁੜ ਅਨਾਜ ਮੰਡੀ, ਜਿਥੇ ਮਹਾਪੰਚਾਇਤ ਹੋ ਰਹੀ ਹੈ, ਵਿੱਚ ਪੁੱਜ ਗਏ ਹਨ। ਇੱਥੇ ਉਹ ਅਗਲੀ ਰਣਨੀਤੀ ਦਾ ਐਲਾਨ ਕਰਨਗੇ।


ਵਫ਼ਦ ਦੀ ਅਗਵਾਈ ਯੋਗੇਂਦਰ ਯਾਦਵ, ਕਿਸਾਨ ਆਗੂ ਰਾਕੇਸ਼ ਟਿਕੈਤ ਤੇ ਕਰਨਾਲ ਸਥਿਤ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਗੁਰਨਾਮ ਸਿੰਘ ਚਡੂਨੀ, ਬੀਕੇਯੂ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਬੀਕੇਯੂ (ਸਿੱਧੂਪੁਰ) ਦੇ ਸੂਬਾ ਪ੍ਰਧਾਨ ਮੈਂਬਰ ਜਗਜੀਤ ਸਿੰਘ ਡੱਲੇਵਾਲ, ਅਜੈ ਰਾਣਾ, ਡਾ. ਦਰਸ਼ਨ ਪਾਲ ਸਮੇਤ ਹੋਰ ਕਿਸਾਨ ਆਗੂਆਂ ਨੇ ਕੀਤੀ।


ਇਸ ਤੋਂ ਪਹਿਲਾਂ ਮਹਾਪੰਚਾਇਤ ਵਿੱਚ ਯੋਗੇਂਦਰ ਯਾਦਵ ਨੇ ਕਿਹਾ, "ਅਸੀਂ ਇੱਥੇ ਸਰਕਾਰ ਨੂੰ ਇਹ ਦੱਸਣ ਲਈ ਆਏ ਹਾਂ ਕਿ ਅਸੀਂ ਉਹ ਨਹੀਂ ਕਰਾਂਗੇ ਜੋ ਸਰਕਾਰ ਨੇ ਸਾਡੇ ਨਾਲ ਕੀਤਾ ਹੈ।" ਕਿਸਾਨ ਆਗੂਆਂ ਨੇ ਦਹੁਰਾਇਆ ਕਿ ਉਹ ਸ਼ਾਂਤਮਈ ਢੰਗ ਨਾਲ ਵਿਰੋਧ ਜਾਰੀ ਰੱਖਣਗੇ।


ਕਰਨਾਲ ਵਿੱਚ ਕਿਸਾਨਾਂ 'ਤੇ ਹੋਏ ਲਾਠੀਚਾਰਜ ਖ਼ਿਲਾਫ਼ ਇਥੇ ਕਿਸਾਨ ਮਹਾਪੰਚਾਇਤ ਹੋਈ ਤੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਲ ਹੋਏ। ਕਿਸਾਨਾਂ ਦੇ ਇਕੱਠ ਨੂੰ ਵੇਖਦਿਆਂ ਸੁਰੱਖਿਆ ਬੰਦੋਬਸਤ ਮਜ਼ਬੂਤ ਕੀਤੇ ਗਏ ਹਨ।


ਇਹ ਵੀ ਪੜ੍ਹੋ: ਹਿਮਾਚਲ 'ਚ ਸੇਬਾਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਕੀਮਤਾਂ 'ਚ ਕਮੀ ਦਾ ਅਸਲ ਕਾਰਨ?


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904