ਨਵੀਂ ਦਿੱਲੀ: ਕਰਨਾਟਕ ਦੇ ਕੋਡਾਗੂ ਜ਼ਿਲ੍ਹੇ ਦੇ ਪੋਨਮਪੇਟ 'ਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖੇਤੀ ਮੰਤਰੀ ਨੇ ਕਿਹਾ, 'ਜੋ ਕਿਸਾਨ ਖੁਦਕੁਸ਼ੀ ਕਰਦੇ ਹਨ, ਉਦ ਕਾਇਰ ਹਨ। ਸਿਰਫ ਡਰਪੋਕ ਹੀ ਆਤਮਹੱਤਿਆ ਕਰਦੇ ਹਨ। ਜੋ ਆਪਣੀ ਪਤਨੀ ਤੇ ਬੱਚਿਆਂ ਦੀ ਦੇਖ-ਰੇਖ ਨਹੀਂ ਕਰ ਸਕਦੇ।'

ਪਾਟਿਲ ਪੋਨਮਪੇਟ 'ਚ ਬਾਂਸ ਉਤਪਾਦਕਾਂ ਨੂੰ ਇਹ ਦੱਸ ਰਹੇ ਸਨ ਕਿ ਖੇਤੀ ਦਾ ਧੰਦਾ ਕਿੰਨਾ ਲਾਹੇਵੰਦ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਕਾਇਰਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਅਤੇ ਉਹ ਆਤਮਹੱਤਿਆ ਕਰਦੇ ਹਨ।

ਆਪਣੀ ਗੱਲ ਦੇ ਸਮਰਥਨ 'ਚ ਪਾਟਿਲ ਨੇ ਇਕ ਮਹਿਲਾ ਦਾ ਉਦਾਹਰਨ ਦਿੱਤਾ ਜਿਸ ਨੇ ਸੋਨੇ ਦੀਆਂ ਚੂੜੀਆਂ ਪਹਿਨੀਆਂ ਹੋਈਆਂ ਸਨ। ਮੰਤਰੀ ਨੇ ਕਿਹਾ, 'ਜਦੋਂ ਮੈਂ ਇਸ ਗੱਲ ਦੀ ਜਾਣਕਾਰੀ ਲਈ ਸੀ ਕਿ ਉਨ੍ਹਾਂ ਦੇ ਹੱਥਾਂ 'ਚ ਸੋਨੇ ਦੀਆਂ ਚੂੜੀਆਂ ਕਿੱਥੋਂ ਆਈਆਂ ਹਨ ਤਾਂ ਉਨ੍ਹਾਂ ਕਿਹਾ ਕਿ ਇਸ ਧਰਤੀ ਮਾਂ ਨੇ ਮੈਨੂੰ 35 ਸਾਲ ਦੀ ਮਿਹਨਤ ਦੇ ਲਈ ਇਹ ਦਿੱਤਾ ਹੈ। ਪਾਟਿਲ ਨੇ ਕਿਹਾ ਇਹ ਸਭ ਸੁਣ ਕੇ ਖੁਸ਼ੀ ਹੁੰਦੀ ਹੈ।'

ਉਨ੍ਹਾਂ ਕਿਹਾ ਇਕ ਮਹਿਲਾ ਪੂਰੀ ਤਰ੍ਹਾਂ ਖੇਤੀ 'ਤੇ ਨਿਰਭਰ ਹੈ ਤੇ ਸਫਲਤਾ ਪ੍ਰਾਪਤ ਕਰਦੀ ਹੈ ਤੇ ਦੂਜੇ ਕਿਸਾਨ ਅਜਿਹਾ ਕਿਉਂ ਨਹੀਂ ਕਰ ਸਕਦੇ। ਇਸ 'ਤੇ ਪ੍ਰਤੀਕਿਰਿਆ ਦਿੰਦਿਆਂ ਕਰਨਾਟਕ ਕਾਂਗਰਸ ਦੇ ਬੁਲਾਰੇ ਵੀਐਸ ਉਗਰੱਪਾ ਨੇ ਮੰਤਰੀ ਦੇ ਬਿਆਨ ਨੂੰ ਕਿਸਾਨਾਂ ਨੂੰ ਅਪਮਾਨਤ ਕਰਨ ਵਾਲਾ ਦੱਸਿਆ ਤੇ ਇਸ ਦੀ ਨਿੰਦਾ ਕੀਤੀ।

ਉਗਰੱਪਾ ਨੇ ਕਿਹਾ, 'ਇਹ ਕਿਸਾਨਾਂ ਦਾ ਅਪਮਾਨ ਹੈ, ਉਨ੍ਹਾਂ ਨੂੰ ਇਸ ਲਈ ਮਾਫੀ ਮੰਗਣੀ ਚਾਹੀਦੀ ਹੈ। ਕਾਂਗਰਸ ਲੀਡਰ ਨੇ ਕਿਹਾ ਮੰਤਰੀ ਨੂੰ ਇਸ ਗੱਲ ਦੀ ਜੜ੍ਹ 'ਚ ਜਾਣਾ ਚਾਹੀਦਾ ਹੈ ਤੇ ਇਹ ਪਤਾ ਲਾਉਣਾ ਚਾਹੀਦਾ ਹੈ ਕਿ ਕੁਝ ਕਿਸਾਨ ਖੁਦਕੁਸ਼ੀ ਕਿਉਂ ਕਰਦੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ