ਚੰਡੀਗੜ੍ਹ: ਕਰਨਾਟਕ ਵਿਧਾਨ ਸਭਾ ਤੇ ਲੋਕ ਸਭਾ ਉਪ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਦੀਵਾਲੀ ਤੋਂ ਠੀਕ ਪਹਿਲਾਂ ਆਏ ਚੋਣ ਨਤੀਜਿਆਂ ਨਾਲ ਕਾਂਗਰਸ ਦੀ ਖੁਸ਼ੀ ਸਾਫ ਨਜ਼ਰ ਆ ਰਹੀ ਹੈ। ਉੱਧਰ ਬੀਜੇਪੀ ਦੇ ਚਿਹਰੇ ’ਤੇ ਬੇਵੱਸੀ ਵੀ ਵੇਖੀ ਜਾ ਸਕਦੀ ਹੈ। ਸੂਬੇ ਦੇ ਸੱਤਾਧਾਰੀ ਕਾਂਗਰਸ-ਜੇਡੀਐਸ ਗਠਜੋੜ ਨੇ ਪੰਜ ਤੋਂ ਚਾਰ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਬੀਜੇਪੀ ਨੂੰ ਸਿਰਫ ਇੱਕ ਲੋਕ ਸਭਾ ਸੀਟ (ਸ਼ਿਮੋਗਾ) ਮਿਲੀ ਹੈ। ਇਹ ਸੀਟ ਪਹਿਲਾਂ ਵੀ ਬੀਜੇਪੀ ਦੇ ਕਬਜ਼ੇ ਵਿੱਚ ਹੀ ਸੀ। ਕਾਂਗਰਸ-ਜੇਡੀਐਸ ਗਠਜੋੜ ਨੂੰ ਦੋ ਲੋਕ ਸਭਾ ਸੀਟਾਂ ਤੇ ਦੋ ਵਿਧਾਨ ਸਭਾ ਸੀਟਾਂ ’ਤੇ ਸਫਲਤਾ ਮਿਲੀ ਹੈ।

ਕਾਂਗਰਸ ਇਸ ਜਿੱਤ ਨੂੰ ਤੋਹਫੇ ਦੀ ਨਜ਼ਰ ਨਾਲ ਵੇਖ ਰਹੀ ਹੈ। ਕਾਂਗਰਸ ਦੇ ਸੀਨੀਅਰ ਲੀਡਰ ਤੇ ਮੰਤਰੀ ਡੀਕੇ ਸ਼ਿਵਕੁਮਾਰ ਨੇ ਟਵੀਟ ਕਰਕੇ ਇਸ ਦੀਵਾਲੀ ’ਤੇ ਮਿਲੀ ਜਿੱਤ ਲਈ ਆਮ ਲੋਕਾਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ-ਜੇਡੀਐਸ ਗਠਜੋੜ ਸੂਬੇ ਵਿੱਚ 20 ਤੋਂ ਵੱਧ ਸੀਟਾਂ ਹਾਸਲ ਕਰੇਗਾ।

ਲੋਕ ਸਭਾ ਸੀਟਾਂ

ਲੋਕ ਸਭਾ ਸੀਟ ਦੀ ਗੱਲ ਕੀਤੀ ਜਾਏ ਤਾਂ ਬੀਜੇਪੀ ਦੇ ਵੀਵਾਈ ਰਾਘਵੇਂਦਰ ਨੇ ਇੱਕੋ-ਇੱਕ ਸ਼ਿਮੋਗਾ ਸੀਟ ਤੋਂ ਜਿੱਤ ਦਰਜ ਕੀਤੀ।  ਉਨ੍ਹਾਂ ਜੇਡੀਐਸ ਦੇ ਮਧੂ ਬੰਗਰੱਪਾ ਨੂੰ ਮਾਤ ਦੇ ਕੇ ਸੀਟ ’ਤੇ ਕਬਜ਼ਾ ਕੀਤਾ। 2014 ਵਿੱਚ ਇਸ ਸੀਟ ’ਤੇ ਯੇਦੁਯਰੱਪਾ ਨੇ ਜਿੱਤ ਹਾਸਲ ਕੀਤੀ ਪਰ ਉਨ੍ਹਾਂ ਇਸੇ ਸਾਲ ਵਿਧਾਨ ਸਭਾ ਚੋਣਾਂ ਸਮੇਂ ਅਸਤੀਫਾ ਦਿੱਤਾ ਹੈ।

ਲੋਕ ਸਭਾ ਹਲਕੇ ਬੇਲਾਰੀ ਤੋਂ ਕਾਂਗਰਸ ਦੀ ਬੱਲੇ ਬੱਲੇ ਹੈ। ਕਾਂਗਰਸ ਦੇ ਵੀਐਸ ਉਗਰੱਪਾ ਨੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਬੀਜੇਪੀ ਨੇ ਇਸ ਸੀਟ ਤੋਂ ਸ਼ਾਂਤਾ ਨੂੰ ਉਮੀਦਵਾਰ ਬਣਾਇਆ ਸੀ। ਉੱਧਰ ਮਾਂਡਿਆ ’ਤੇ ਜੇਡੀਐਸ ਨੇ ਕਬਜ਼ਾ ਕੀਤਾ ਹੈ। ਮਾਂਡਿਆ ਲੋਕ ਸਭਾ ਸੀਟ ਤੋਂ ਡਜੇਡੀਐਸ ਦੇ ਯਲਗਾਰ ਸ਼ਿਮਰਾਮੇਗੌੜਾ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਬੀਜੇਪੀ  ਦੇ ਸਿਧਾਰੱਮਈਆ ਨੂੰ ਮਾਤ ਦਿੱਤੀ।

ਵਿਧਾਨ ਸਭਾ ਸੀਟਾਂ

ਵਿਧਾਨ ਸਭਾ ਸੀਟਾਂ ਦੀ ਗੱਲ ਕੀਤੀ ਜਾਏ ਤਾਂ ਜਾਮਖੰਡੀ ਤੋਂ ਆਨੰਦ ਸਿੱਧੂ ਨਿਆਮਾਗੌੜਾ ਨੇ 39480 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਬੀਜੇਪੀ ਉਮੀਦਵਾਰ ਸ਼੍ਰੀਕਾਂਤ ਕੁਲਕਰਨੀ ਸੁਬਰਾਵ ਨੂੰ ਹਰਾਇਆ। ਰਾਮਨਗਰ ਸੀਟ ਤੋਂ ਜੇਡੀਐਸ ਨੇ ਆਪਣੀ ਧਾਕ ਜਮਾਈ। ਜੇਡੀਐਸ ਦੀ ਅਨੀਤਾ ਕੁਮਾਰਸਵਾਮੀ ਨੇ 109137 ਵੋਟਾਂ ਨਾਲ ਜਿੱਤ ਹਾਸਲ ਕੀਤੀ।