ਸ਼੍ਰੀਨਗਰ: ਵਿਸ਼ਵ ਕੱਪ ਵਿੱਚ ਸ਼ਨੀਵਾਰ ਨੂੰ ਇੰਗਲੈਂਡ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨ ਵਾਲੀ ਭਾਰਤੀ ਕ੍ਰਿਕੇਟ ਟੀਮ 'ਤੇ ਸਿਆਸਤਦਾਨਾਂ ਨੇ ਨਿਸ਼ਾਨੇ ਲਾਏ ਹਨ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪਡੀਪੀ ਨੇਤਾ ਮਹਿਬੂਬਾ ਮੁਫ਼ਤੀ ਨੇ ਭਾਰਤ ਦੀ ਹਾਰ ਦਾ ਠੀਕਰਾ ਉਨ੍ਹਾਂ ਦੀ ਭਗਵੇ ਰੰਗ ਦੀ ਵਰਦੀ 'ਤੇ ਭੰਨ੍ਹ ਦਿੱਤਾ। ਉੱਧਰ, ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਟੀਮ ਦੇ ਪ੍ਰਦਰਸ਼ਨ 'ਤੇ ਸਵਾਲ ਚੁੱਕੇ।


ਮਹਿਬੂਬਾ ਨੇ ਟਵੀਟ ਕੀਤਾ,"ਚਾਹੇ ਤੁਸੀਂ ਮੈਨੂੰ ਅੰਧਵਿਸ਼ਵਾਸੀ ਮੰਨੋ ਪਰ ਮੇਰਾ ਇਹੋ ਕਹਿਣਾ ਹੈ ਕਿ ਭਾਰਤ ਦਾ ਜੇਤੂ ਸਿਲਸਿਲਾ ਉਸ ਦੀ ਜਰਸੀ ਕਰਕੇ ਟੁੱਟਿਆ ਹੈ।" ਦਰਅਸਲ, ਜਰਸੀ ਦੀ ਪਹਿਲੀ ਫ਼ੋਟੋ ਆਉਣ ਮਗਰੋਂ ਸਿਆਸੀ ਗਲਿਆਰਿਆਂ ਨੇ ਭਗਵੇਂ ਰੰਗ ਨੂੰ ਭਾਰਤੀ ਕ੍ਰਿਕੇਟ ਟੀਮ ਦੇ ਰੰਗ ਵਿੱਚ ਦਰਸਾਉਣ 'ਤੇ ਸਵਾਲ ਚੁੱਕੇ ਸਨ।


ਉਮਰ ਅਬਦੁੱਲਾ ਨੇ ਭਾਰਤ ਦੀ ਹਾਰ 'ਤੇ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਜੇਕਰ ਇੰਗਲੈਂਡ ਤੇ ਪਾਕਿਸਤਾਨ ਦੀ ਬਜਾਏ ਭਾਰਤ ਦਾ ਸੈਮੀਫਾਈਨਲ ਵਿੱਚ ਆਉਣਾ ਦਾਅ 'ਤੇ ਲੱਗਾ ਹੁੰਦਾ ਤਾਂ ਕੀ ਫਿਰ ਵੀ ਸਾਡੀ ਬੱਲੇਬਾਜ਼ੀ ਇੰਨੀ ਨਿਰਾਸ਼ਾਜਨਕ ਹੁੰਦੀ? ਇਸ ਤੋਂ ਪਹਿਲਾਂ ਉਮਰ ਨੇ ਪਾਕਿਸਤਾਨੀ ਔਰਤ ਵੱਲੋਂ ਭਾਰਤ ਤੇ ਭਾਜਪਾ ਦੀ ਉਪਮਾ ਕਰਨ ਵਾਲੇ ਟਵੀਟ ਨੂੰ ਵੀ ਰੀਟਵੀਟ ਕੀਤਾ।