ਨਵੀਂ ਦਿੱਲੀ: ਤੇਲੰਗਾਨਾ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਐਤਵਾਰ ਨੂੰ ਸੂਬਾ ਸੜਕ ਆਵਾਜਾਈ ਨਿਗਮ (ਟੀਐਸਆਰਟੀਸੀ) ਦੇ 48,000 ਹੜਤਾਲੀ ਕਰਮਚਾਰੀਆਂ ਨੂੰ ਸੇਵਾ ਤੋਂ ਬਰਖ਼ਾਸਤ ਕਰਨ ਦਾ ਐਲਾਨ ਕੀਤਾ। ਪ੍ਰੇਸ਼ਾਨੀਆਂ ਦੇ ਹੱਲ ਦੀ ਮੰਗ ਨੂੰ ਲੈ ਕੇ ਕਰਮਚਾਰੀ ਅਣਮਿਥੇ ਸਮੇਂ ਲਈ ਹੜਤਾਲ ‘ਤੇ ਸੀ।


ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਇਸ ਮਾਮਲੇ ‘ਤੇ ਆਵਾਜਾਈ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਬੈਠਕ ਕੀਤੀ। ਇਸ ਦੇ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਆਰਟੀਸੀ ‘ਚ ਸਿਰਫ 1200 ਕਰਮੀ ਹਨ ਜੋ ਹੜਤਾਲ ‘ਚ ਸ਼ਾਮਲ ਨਹੀਂ ਹੋਏ ਸੀ। ਉਹ ਵੀ ਆਰਟੀਸੀ ਦਾ ਹਿੱਸਾ ਰਹਿਣਗੇ ਜੋ ਸ਼ਨੀਵਾਰ ਸ਼ਾਮ ਨੂੰ ਛੇ ਵਜੇ ਤਕ ਡਿਊਟੀ ‘ਤੇ ਆ ਗਏ ਸੀ।

ਗੁਆਂਢੀ ਸੂਬੇ ਆਂਧਰਾ ਪ੍ਰਦੇਸ ਦੀ ਤਰਜ ‘ਤੇ ਕਰਮਚਾਰੀ ਸੂਬਾ ਸਰਕਾਰ ਨਾਲ ਆਰਟੀਸੀ ਦੇ ਰਲੇਵੇਂ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਅਪਰੈਲ 2017 ਤੋਂ ਲਟਕੀ ਆਪਣੀ ਤਨਖਾਹ ‘ਚ ਸੋਧ ਦੀ ਵੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਕਰਮੀ ਕੰਮ ਦਾ ਬੋਝ ਘੱਟ ਕਰਨ ਦੇ ਨਾਲ ਨਿਗਮ ਦੇ ਨਵੀਂ ਭਰਤੀ ਵੀ ਚਾਹੁੰਦੇ ਹਨ।

ਇਸ ਅਧਿਕਾਰਤ ਹੁਕਮ ‘ਚ ਕਿਹਾ ਗਿਆ ਸੀ ਕਿ ਕਰਮਚਾਰੀ ਚਾਰ ਅਕਤੂਬਰ ਦੀ ਸ਼ਾਮ ਤਕ ਛੇ ਵਜੇ ਤਕ ਕੰਮ ‘ਤੇ ਵਾਪਸ ਨਹੀਂ ਆਉਣਗੇ ਤਾਂ ਉਨ੍ਹਾਂ ਨੂੰ ਦੁਬਾਰਾ ਕੰਮ ‘ਤੇ ਨਹੀਂ ਰੱਖਿਆ ਜਾਵੇਗਾ। ਤੇਲੰਗਾਨਾ ਆਰਟੀਸੀ ਦੀ ਅਪੀਲ ਤੋਂ ਬਾਅਦ ਕਰੀਬ 49,340 ਕਰਮੀ ਹੜਤਾਲ ‘ਤੇ ਹਨ।