ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਚੋਣਾਂ ਮਗਰੋਂ ਆਮ ਆਦਮੀ ਪਾਰਟੀ ਅਗਲੀ ਰਣਨੀਤੀ ਬਣਾਉਣ ਵਿੱਚ ਜੁੱਟ ਗਈ ਹੈ। ਇਸ ਤਹਿਤ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਚੁਣੇ ਹੋਏ ਨੁਮਾਇੰਦੇ ਤੇ ਅਹੁਦੇਦਾਰ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਦੀ ਪ੍ਰਧਾਨਗੀ ਹੇਠ ਅੱਜ ਕੌਮੀ ਕੌਂਸਲ ਦੀ ਮੀਟਿੰਗ ਸ਼ੁਰੂ ਹੋਈ। 



ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਜਦੋਂ ਚੀਨ ਭਾਰਤ 'ਤੇ ਹਮਲਾ ਕਰ ਰਿਹਾ ਹੈ ਤਾਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਚੀਨ ਤੋਂ ਦਰਾਮਦ ਜਾਰੀ ਰੱਖਣ ਦੀ ਇਜਾਜ਼ਤ ਕਿਉਂ ਦੇ ਰਹੀ ਹੈ? ਉਨ੍ਹਾਂ ਕਿਹਾ,‘ਮੈਂ ਲੋਕਾਂ ਨੂੰ ਚੀਨੀ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕਰਦਾ ਹਾਂ, ਅਸੀਂ ਭਾਰਤੀ ਉਤਪਾਦ ਖਰੀਦਾਂਗੇ ਭਾਵੇਂ ਉਨ੍ਹਾਂ ਦੀ ਕੀਮਤ ਦੁੱਗਣੀ ਕਿਉਂ ਨਾ ਹੋਵੇ।’


 






ਮੀਟਿੰਗ 'ਚ ਆਗੂ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ 'ਆਪ' ਦਾ ਆਧਾਰ ਮਜ਼ਬੂਤ ​ਕਰਨ ਲਈ ਹੁਣ ਤੱਕ ਚੁੱਕੇ ਗਏ ਕਦਮਾਂ 'ਤੇ ਚਰਚਾ ਕਰ ਰਹੇ ਹਨ ਤੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਅਗਲੇ ਸਾਲ ਵੱਖ-ਵੱਖ ਸੂਬਿਆਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਰਣਨੀਤੀ ਬਣਾਈ ਜਾਵੇਗੀ। 


ਸੂਤਰਾਂ ਨੇ ਦੱਸਿਆ ਕਿ 'ਆਪ' ਦੇ ਸਾਰੇ 10 ਰਾਜ ਸਭਾ ਮੈਂਬਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੀਟਿੰਗ ਵਿੱਚ ਸ਼ਾਮਲ ਹੋਏ। ਗੁਜਰਾਤ ਤੇ ਹਿਮਾਚਲ ਚੋਣਾਂ ਵਿੱਚ ਹਾਰ ਮਿਲਣ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦੀ ਰੁਤਬਾ  ਹਾਸਲ ਹੋ ਗਿਆ ਹੈ। ਇਸ ਲਈ ਪਾਰਟੀ ਹੁਣ ਹੋਰ ਸੂਬਿਆਂ ਵਿੱਚ ਵੀ ਆਪਣਾ ਪਾਸਾਰ ਕਰਨ ਵਿੱਚ ਜੁੱਟ ਗਈ ਹੈ।


ਇਹ ਵੀ ਪੜ੍ਹੋ: Punjab News: ਸੁਖਬੀਰ ਬਾਦਲ ਦਾ ਵੱਡਾ ਇਲਜ਼ਾਮ, ਪੰਜਾਬ 'ਚ ਗੈਂਗਸਟਰਾਂ ਦੀ ਵਧਦੀ ਗਿਣਤੀ ਲਈ CM ਭਗਵੰਤ ਮਾਨ ਜ਼ਿੰਮੇਵਾਰ