ਨਵੀ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਾਰੇ ਜ਼ਮੀਨ ਮਾਲਕਾਂ ਨੂੰ ਕਿਹਾ ਕਿ ਸਰਦੀਆਂ ਦੇ ਮੌਸਮ ਵਿੱਚ ਝੁੱਗੀਆਂ ਨੂੰ ਨਾ ਤੋੜਿਆ ਜਾਵੇ। ਦਿੱਲੀ ਸ਼ਹਿਰੀ ਵਿਕਾਸ ਅਥਾਰਟੀ, ਦਿੱਲੀ ਵਿਕਾਸ ਅਥਾਰਟੀ ਅਤੇ ਤਿੰਨ ਮਿਉਂਸਪਲ ਕਾਰਪੋਰੇਸ਼ਨਾਂ ਦੇ ਅਧਿਕਾਰੀਆਂ ਨਾਲ ਮੁੱਖ ਮੰਤਰੀ ਨੇ ਝੌਂਪੜੀ ਨੀਤੀ 'ਤੇ ਚਰਚਾ ਮਗਰੋਂ ਇਹ ਕਦਮ ਚੁੱਕਿਆ। ਸਰਕਾਰੀ ਬਿਆਨ ਅਨੁਸਾਰ ਕੇਜਰੀਵਾਲ ਨੇ ਏਜੰਸੀਆਂ ਨੂੰ ਦੱਸਿਆ ਕਿ 28 ਫਰਵਰੀ ਤਕ ਝੁੱਗੀਆਂ ਨੂੰ ਤੋੜਿਆ ਨਹੀਂ ਜਾਵੇਗਾ।

ਬਿਆਨ ਵਿੱਚ ਉਨ੍ਹਾਂ ਨੇ ਕਿਹਾ, "ਸਰਦੀਆਂ ਤਕ, 28 ਫਰਵਰੀ 2018 ਤੱਕ, ਕਿਰਪਾ ਕਰਕੇ ਝੁੱਗੀਆਂ ਨੂੰ ਨਾ ਤੋੜੋ।" ਇੰਨੀ ਠੰਢਾ ਵਿੱਚ ਇਨਸਾਨੀਅਤ ਅਪਣਾਓ।"

ਉਨ੍ਹਾਂ ਏਜੰਸੀਆਂ ਨੂੰ ਕਿਹਾ ਕਿ ਝੁੱਗੀਆਂ ਨੂੰ ਤੋੜਦੇ ਸਮੇਂ ਪ੍ਰੋਟੋਕਾਲ ਦੀ ਪਾਲਣਾ ਜ਼ਰੂਰ ਕਰੋ। ਮੁੱਖ ਮੰਤਰੀ ਨੇ ਕਿਹਾ, "ਭਵਿੱਖ ਵਿੱਚ ਝੁੱਗੀ-ਝੌਂਪੜੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਿਨਾ ਕੋਈ ਥਾਂ ਦਿੱਤੇ ਅਤੇ ਉਨ੍ਹਾਂ ਦੇ ਮੁੜ ਵਸੇਬੇ ਤੋਂ ਬਿਨਾ ਕੋਈ ਵੀ ਨੁਕਸਾਨ ਨਹੀਂ ਹੋਣਾ ਚਾਹੀਦਾ।"