ਦਿੱਲੀ : ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਕੇਜਰੀਵਾਲ ਸਰਕਾਰ ਨੇ ਦਿੱਲੀ ਜਲ ਬੋਰਡ ਦੇ ਸਾਰੇ ਕੱਚੇ ਕਰਮਚਾਰੀਆਂ ਦੀ ਨੌਕਰੀ ਪੱਕੀ ਕਰਨ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਵਿੱਚ ਅੱਜ ਕੱਲ ਸਰਕਾਰੀ ਚੀਜ਼ਾਂ ਦਾ ਨਿੱਜੀਕਰਨ ਕਰਨ ਦਾ ਰਿਵਾਜ ਹੋ ਗਿਆ ਹੈ। ਅਸੀਂ ਦਿੱਲੀ ਦੇ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਹਾਲਤ ਸੁਧਾਰ ਕੇ ਸਰਵਜਨਿਕ ਖੇਤਰਾਂ ਦਾ ਮਹੱਤਵ ਦੱਸਿਆ ਹੈ। ਅੱਜ ਜ਼ਰੂਰਤ ਸਰਵਜਨਿਕ ਖੇਤਰਾਂ ਨੂੰ ਵੇਚਣ ਦੀ ਨਹੀ, ਉਨਾਂ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੈ। ਸਰਕਾਰੀ ਖੇਤਰਾਂ ਨੂੰ ਸੁਧਾਰ ਕੇ ਹੀ ਅਸੀਂ ਆਮ ਲੋਕਾਂ ਨੂੰ ਚੰਗੀਆਂ ਸਹੂਲਤਾਂ ਪ੍ਰਦਾਨ ਕਰ ਸਕਦੇ ਹਾਂ।


ਕੇਜਰੀਵਾਲ ਨੇ ਕਿਹਾ ਕਿ ਅੱਜ ਕੱਲ ਦੇਸ਼ ਵਿੱਚ ਇਹ ਮਹੌਲ ਬਣਾ ਦਿੱਤਾ ਗਿਆ ਹੈ ਕਿ ਸਰਕਾਰੀ ਸਕੂਲਾਂ, ਹਸਪਤਾਲਾਂ ਅਤੇ ਕੰਪਨੀਆਂ ਨੂੰ ਸਰਕਾਰ ਨਹੀਂ ਚਲਾ ਸਕਦੀ। ਇਨਾਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਸੌਂਪ ਦੇਵੋ ਜਾਂ ਕਿਸੇ ਤਰ੍ਹਾਂ ਨਿੱਜੀਕਰਨ ਕਰ ਦੇਵੋ। 'ਆਪ' ਦੀ ਸਰਕਾਰ ਨੇ ਇਹ ਸਿੱਧ ਕੀਤਾ ਕਿ ਜੇ ਸਰਕਾਰ ਇਮਾਨਦਾਰ ਹੋਵੇ ਅਤੇ ਚਾਹੇ ਤਾਂ ਸਹੀ ਤਰੀਕੇ ਨਾਲ ਸਰਕਾਰੀ ਸਕੂਲ ਅਤੇ ਹਸਪਤਾਲ ਵੀ ਚਲਾ ਸਕਦੀ ਹੈ ਅਤੇ ਲੋਕਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਰਾਹੀਂ ਚੰਗੀਆਂ ਸਹੂਲਤਾਂ ਵੀ ਦੇ ਸਕਦੀ ਹੈ। ਇਹ ਵੀ ਫਰਮ ਫ਼ੈਲਾਇਆ ਗਿਆ ਹੈ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਂਦਾ ਹੈ ਤਾਂ ਉਹ ਕੰਮ ਨਹੀਂ ਕਰਦੇ। ਇਹ ਸਭ ਤੋਂ ਵੱਡਾ ਝੂਠ ਹੈ। ਕੇਜਰੀਵਾਲ ਦਾ ਮੰਨਣਾ ਕਿ ਪੱਕੇ ਹੋਣ 'ਤੇ ਸਰਕਾਰੀ ਕਰਮਚਾਰੀ ਪਹਿਲਾਂ ਤੋਂ ਦੁਗਣਾ ਕੰਮ ਕਰਨਗੇ।


ਬੁੱਧਵਾਰ ਨੂੰ ਚੰਡੀਗੜ੍ਹ ਪਾਰਟੀ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਦੀ ਉਮੀਦ ਜਾਗੀ ਹੈ। ਆਮ ਆਦਮੀ ਪਾਰਟੀ ਨੇ ਲੰਮੇਂ ਸਮੇਂ ਤੋਂ ਸੜਕਾਂ 'ਤੇ ਸੰਘਰਸ਼ ਕਰ ਰਹੇ ਕੱਚੇ ਕਰਮਚਾਰੀਆਂ, ਈਟੀਟੀ ਅਤੇ ਟੀਈਟੀ ਅਧਿਆਪਕਾਂ ਦੇ ਵਿਰੋਧ ਪ੍ਰਦਰਸ਼ਨ ਦਾ ਹਮੇਸ਼ਾ ਸਾਥ ਦਿੱਤਾ ਹੈ। ਵਿਧਾਨ ਸਭਾ ਵਿੱਚ ਵੀ 'ਆਪ' ਵਿਧਾਇਕਾਂ ਨੇ ਕਈ ਵਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮੁੱਦਾ ਚੁਕਿਆ ਹੈ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਵਿਭਾਗਾਂ ਦੇ ਕੱਚੇ ਕਰਮਚਾਰੀਆਂ ਨੂੰ ਪੱਕਾ ਕਰੇਗੀ ਅਤੇ ਉਨ੍ਹਾਂ ਨੂੰ ਸਨਮਾਨਜਨਕ ਤਨਖ਼ਾਹ ਦੇਵੇਗੀ।


ਮਾਨ ਨੇ ਕਿਹਾ ਕਿ ਚੰਨੀ ਸਰਕਾਰ ਨੇ ਪੰਜਾਬ ਦੇ 36000 ਕੱਚੇ ਕਰਮਚਾਰੀਆਂ ਨਾਲ ਝੂਠ ਬੋਲਿਆ ਕਿ ਉਨ੍ਹਾਂ ਦੀ ਨੌਕਰੀ ਪੱਕੀ ਕਰ ਦਿੱਤੀ ਹੈ। ਜਦੋਂਕਿ ਇਹ ਫਾਇਲ ਰਾਜਪਾਲ ਕੋਲ ਫਸੀ ਹੋਈ ਸੀ ਅਤੇ ਬਾਅਦ ਵਿੱਚ ਰਾਜਪਾਲ ਨੇ ਉਸ 'ਤੇ ਆਪਣੀ ਮੰਨਜ਼ੂਰੀ ਵੀ ਨਹੀਂ ਦਿੱਤੀ। ਪਰ ਮੁੱਖ ਮੰਤਰੀ ਚੰਨੀ ਨੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪੂਰੇ ਪੰਜਾਬ ਵਿੱਚ ਆਪਣੀ ਤਸਵੀਰ ਨਾਲ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਵਾਲੇ ਬੋਰਡ ਤੇ ਬੈਨਰ ਲਵਾਏ ਅਤੇ ਉਸ 'ਤੇ ਸਰਕਾਰੀ ਖਜ਼ਾਨੇ ਵਿੱਚੋਂ ਕਰੋੜਾਂ ਰੁਪਏ ਖਰਚ ਕੀਤੇ ਗਏ। ਕਾਂਗਰਸ ਪਿੱਛਲੀਆਂ ਦੋ ਚੋਣਾ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕਰਦੀ ਰਹੀ ਹੈ, ਪਰ ਸਰਕਾਰ ਬਣਨ 'ਤੇ ਉਨ੍ਹਾਂ 'ਤੇ ਪੁਲੀਸ ਦੀਆਂ ਲਾਠੀਆਂ ਚੱਲਦੀਆਂ ਹਨ। ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੱਚੇ ਕਰਮਚਾਰੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਕਰੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਅਤੇ ਕੱਚੇ ਮੁਲਾਜ਼ਮਾਂ ਨੂੰ ਧਰਨੇ ਪ੍ਰਦਰਸ਼ਨਾਂ ਤੋਂ ਮੁਕਤੀ ਮਿਲੇਗੀ ਅਤੇ ਉਨ੍ਹਾਂ ਨੂੰ ਆਪਣਾ ਹੱਕ ਮੰਗਣ ਲਈ ਪੁਲੀਸ ਦੀਆਂ ਲਾਠੀਆਂ ਨਹੀਂ ਖਾਣਗੀਆਂ ਪੈਣਗੀਆਂ।