Delhi Riots: ਕੇਜਰੀਵਾਲ ਸਰਕਾਰ ਨੇ ਦਿੱਲੀ ਦੰਗਿਆਂ ਵਿੱਚ ਜਾਨ ਗੁਆਉਣ ਵਾਲੇ ਆਈਬੀ ਮੁਲਾਜ਼ਮ ਦੇ ਭਰਾ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਅੰਕਿਤ ਸ਼ਰਮਾ ਦੀ ਦਿੱਲੀ ਹਿੰਸਾ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਮੁੱਖ ਮੰਤਰੀ ਕੇਜਰੀਵਾਲ ਨੇ ਵੀਰਵਾਰ ਨੂੰ ਪਰਿਵਾਰ ਨੂੰ ਸਰਕਾਰੀ ਨੌਕਰੀ ਦਾ ਸਰਟੀਫਿਕੇਟ ਸੌਂਪਿਆ। ਇੱਕ ਟਵੀਟ ਵਿੱਚ ਉਨ੍ਹਾਂ ਕਿਹਾ, ਇਨਸਾਨ ਦੀ ਕਮੀ ਕਦੇ ਵੀ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਇਹ ਸਰਕਾਰੀ ਨੌਕਰੀ ਤੇ 1 ਕਰੋੜ ਦੀ ਮਦਦ ਪਰਿਵਾਰ ਨੂੰ ਤਾਕਤ ਦੇਵੇਗੀ।
ਭਵਿੱਖ ਵਿੱਚ ਵੀ ਪਰਿਵਾਰ ਦੀ ਹਰ ਸੰਭਵ ਮਦਦ ਕਰਨਗੇ। ਫਰਵਰੀ 2020 ਵਿੱਚ ਉੱਤਰ ਪੂਰਬੀ ਦਿੱਲੀ ਵਿੱਚ ਦੰਗੇ ਹੋਏ, ਜਿਸ ਵਿੱਚ 53 ਲੋਕਾਂ ਦੀ ਮੌਤ ਹੋ ਗਈ ਅਤੇ ਸੈਂਕੜੇ ਜ਼ਖਮੀ ਹੋਏ। ਆਈਬੀ ਅਧਿਕਾਰੀ ਅੰਕਿਤ ਸ਼ਰਮਾ ਦੀ ਲਾਸ਼ ਲਾਪਤਾ ਹੋਣ ਤੋਂ ਅਗਲੇ ਦਿਨ 26 ਫਰਵਰੀ ਨੂੰ ਚਾਂਦ ਬਾਗ ਇਲਾਕੇ ਵਿੱਚ ਉਨ੍ਹਾਂ ਦੇ ਘਰ ਨੇੜੇ ਇੱਕ ਨਾਲੇ ਵਿੱਚੋਂ ਮਿਲੀ ਸੀ।
ਦੂਜੇ ਪਾਸੇ ਸਾਬਕਾ ਕਾਂਗਰਸੀ ਕੌਂਸਲਰ ਇਸ਼ਰਤ ਜਹਾਂ ਨੂੰ ਉੱਤਰ-ਪੂਰਬੀ ਦਿੱਲੀ ਦੰਗਿਆਂ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਬੁੱਧਵਾਰ (16 ਮਾਰਚ) ਸ਼ਾਮ ਨੂੰ ਇੱਥੋਂ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ਼ਰਤ ਜਹਾਂ ਨੂੰ ਬੁੱਧਵਾਰ ਸ਼ਾਮ ਕਰੀਬ 7.45 ਵਜੇ ਮੰਡੋਲੀ ਜੇਲ ਤੋਂ ਰਿਹਾਅ ਕੀਤਾ ਗਿਆ।
ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਜਹਾਂ ਨੂੰ 2020 ਦੇ ਦਿੱਲੀ ਦੰਗਿਆਂ ਦੀ ਵੱਡੀ ਸਾਜ਼ਿਸ਼ ਨਾਲ ਜੁੜੇ ਇੱਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਸੀ। ਇਸ਼ਰਤ ਜਹਾਂ ਤੇ ਕਈ ਹੋਰਾਂ 'ਤੇ ਉੱਤਰ-ਪੂਰਬੀ ਦਿੱਲੀ ਵਿੱਚ ਫਰਵਰੀ 2020 ਦੇ ਦੰਗਿਆਂ ਲਈ ਮੁੱਖ ਸਾਜ਼ਿਸ਼ਕਰਤਾ ਵਜੋਂ ਭੂਮਿਕਾ ਨਿਭਾਉਣ ਲਈ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ (ਯੂਏਪੀਏ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਦੰਗਿਆਂ ਵਿੱਚ 53 ਲੋਕਾਂ ਦੀ ਮੌਤ ਹੋ ਗਈ ਸੀ ਤੇ 700 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।