ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰੇਡੀਓ 'ਤੇ 'ਮਨ ਕੀ ਬਾਤ' ਕੀਤੀ ਤਾਂ ਸ਼ਾਮ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਿਸਾਨਾਂ ਨਾਲ 'ਮਨ ਦੀ ਗੱਲ' ਕਰਨ ਸਿੰਘੂ ਬਾਰਡਰ 'ਤੇ ਪਹੁੰਚ ਗਏ। ਦਿਲਚਸਪ ਹੈ ਕਿ ਮੋਦੀ ਦੀ 'ਮਨ ਕੀ ਬਾਤ' ਦਾ ਲੋਕਾਂ ਨੇ ਥਾਲੀਆਂ ਵਜਾ ਕੇ ਵਿਰੋਧ ਕੀਤੇ ਤੇ ਯੂਟਿਊਬ ਉੱਪਰ ਜੰਮ ਕੇ ਡਿਸਲਾਈਕ ਕੀਤਾ। ਦੂਜੇ ਪਾਸੇ ਕੇਜਰੀਵਾਲ ਦੀ 'ਮਨ ਦੀ ਗੱਲ' ਸੁਣ ਲੋਕਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਏ। ਇਸ ਲਈ ਕੇਜਰੀਵਾਲ ਦੀ ਸਿੰਘੂ ਬਾਰਡਰ ਉੱਪਰ ਫੇਰੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਯਾਦ ਰਹੇ ਕੇਜਰੀਵਾਲ ਦੇਸ਼ ਦੇ ਪਹਿਲੇ ਮੁੱਖ ਮੰਤਰੀ ਹਨ ਜੋ ਦੂਜੀ ਵਾਰ ਸਿੰਘੂ ਬਾਰਡਰ ਉੱਪਰ ਕਿਸਾਨ ਅੰਦੋਲਨ ਵਿੱਚ ਪਹੁੰਚੇ। ਉਂਝ ਕਿਸਾਨਾਂ ਨੇ ਸਿਆਸੀ ਲੀਡਰਾਂ ਦੀ ਆਮਦ ਉੱਪਰ ਰੋਕ ਲਾਈ ਹੋਈ ਹੈ ਪਰ ਕੇਜਰੀਵਾਲ ਦੀ ਗੱਲ ਸੁਣਨ ਲਈ ਕਿਸਾਨ ਤਿਆਰ ਹਨ। ਕੇਜਰੀਵਾਲ ਦੀ ਫੇਰੀ ਦਾ ਅਹਿਮ ਪੱਖ ਇਹ ਵੀ ਹੈ ਕਿ ਉਨ੍ਹਾਂ ਨੇ ਕੇਂਦਰੀ ਮੰਤਰੀਆਂ ਨੂੰ ਚੁਣੌਤੀ ਦਿੱਤੀ ਕਿ ਉਹ ਕਿਸਾਨਾਂ ਨਾਲ ਬਹਿਸ ਕਰ ਕੇ ਦੇਖ ਲੈਣ, ਇਸ ਤੋਂ ਸਾਫ਼ ਹੋ ਜਾਵੇਗਾ ਕਿ ਤਿੰਨਾਂ ਕਾਨੂੰਨਾਂ ਨਾਲ ਫ਼ਾਇਦਾ ਹੋਵੇਗਾ ਜਾਂ ਨੁਕਸਾਨ। ਮੀਡੀਆ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਬੀਜੇਪੀ ਮੰਤਰੀ ਕੇਜਰੀਵਾਲ ਦੀ ਚੁਣੌਤੀ ਕਬੂਲਣਗੇ ਜਾਂ ਨਹੀਂ।

ਕੇਜਰੀਵਾਲ ਨੇ ਇਲਜ਼ਾਮ ਲਾਇਆ ਕਿ ਭਾਜਪਾ ਦੇ ਆਗੂ ਇਹ ਨਹੀਂ ਦੱਸ ਸਕੇ ਹਨ ਕਿ ਕਿਸਾਨਾਂ ਨੂੰ ਫ਼ਾਇਦਾ ਕੀ ਹੋਵੇਗਾ ਪਰ ਉਹ ਇਹੀ ਆਖ ਰਹੇ ਹਨ ਕਿ ਨੁਕਸਾਨ ਨਹੀਂ ਹੋ ਰਿਹਾ। ਮੁੱਖ ਮੰਤਰੀ ਮੁਤਾਬਕ ਕੇਂਦਰ ਸਰਕਾਰ ਕੁਝ ਪੂੰਜੀਪਤੀਆਂ ਨਾਲ ਖੜ੍ਹੀ ਹੈ ਤੇ ਫਾਇਦਾ ਉਨ੍ਹਾਂ ਦਾ ਹੀ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਦੋ ਹਿੱਸਿਆਂ ’ਚ ਵੰਡਿਆ ਗਿਆ ਹੈ, ਇਕ ਪਾਸੇ ਕੁੱਝ ਪੂੰਜੀਪਤੀ ਹਨ ਜਦਕਿ ਦੂਜੇ ਪਾਸੇ ਦੇਸ਼ ਦੇ ਕਿਸਾਨ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕੜਾਕੇ ਦੀ ਠੰਢ ਦੌਰਾਨ ਕਿਸਾਨ ਜੱਦੋਜਹਿਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਫ਼ਸਲ 800 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ, ਜਦਕਿ ਘੱਟੋ-ਘੱਟ ਭਾਅ 1850 ਰੁਪਏ ਹੈ।