Cases of Norovirus in Kerala: ਕੋਰੋਨਾ ਵਾਇਰਸ ਤੇ ਮੰਕੀਪੌਕਸ ਦੇ ਖ਼ਤਰੇ ਵਿਚਕਾਰ ਇੱਕ ਨਵੇਂ ਵਾਇਰਸ ਨੇ ਭਾਰਤ 'ਚ ਦਸਤਕ ਦਿੱਤੀ ਹੈ। ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਨੋਰੋਵਾਇਰਸ ਦੇ 2 ਮਾਮਲੇ ਸਾਹਮਣੇ ਆਏ ਹਨ। ਹਾਲਾਂਕਿ ਨੋਰੋਵਾਇਰਸ ਨਾਲ ਸੰਕਰਮਿਤ ਦੋਵਾਂ ਬੱਚਿਆਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਬਚਾਅ ਲਈ ਲੋੜੀਂਦੀ ਕਾਰਵਾਈ ਤੇਜ਼ ਕਰ ਦਿੱਤੀ ਹੈ ਤੇ ਲੋਕਾਂ ਦੇ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ, 'ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਦੇ ਵਿਜਿਨਜਾਮ ਇਲਾਕੇ 'ਚ ਨੋਰੋਵਾਇਰਸ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਸਿਹਤ ਵਿਭਾਗ ਨੇ ਸਥਿਤੀ ਦਾ ਜਾਇਜ਼ਾ ਲਿਆ ਹੈ। ਇਲਾਕੇ ਤੋਂ ਨਮੂਨੇ ਲੈ ਕੇ ਜਾਂਚ ਕੀਤੀ ਗਈ ਹੈ ਤੇ ਬਚਾਅ ਲਈ ਲੋੜੀਂਦੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਸੰਕਰਮਿਤ ਪਾਏ ਗਏ ਦੋਨਾਂ ਬੱਚਿਆਂ ਦੀ ਹਾਲਤ ਸਥਿਰ ਹੈ।
ਕੀ ਹੈ ਨੋਰੋਵਾਇਰਸ ਤੇ ਇਹ ਕਿਵੇਂ ਫੈਲਦਾ?
ਨੋਰੋਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਇੱਕ ਵਾਇਰਸ ਹੈ, ਜੋ ਗੈਸਟ੍ਰੋਇੰਟੇਸਟਾਈਨਲ ਬਿਮਾਰੀ ਦਾ ਕਾਰਨ ਬਣਦਾ ਹੈ। ਇਹ ਵਾਇਰਸ ਕਿਸੇ ਵਿਅਕਤੀ ਨੂੰ ਦੂਸ਼ਿਤ ਸਥਾਨਾਂ ਦੇ ਸੰਪਰਕ ਵਿੱਚ ਆਉਣ ਜਾਂ ਦੂਸ਼ਿਤ ਭੋਜਨ ਖਾਣ ਨਾਲ ਸੰਕਰਮਿਤ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਇੱਕ ਸੰਕਰਮਿਤ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਵੀ ਫੈਲ ਸਕਦਾ ਹੈ। ਇੰਨਾ ਹੀ ਨਹੀਂ, ਕੋਈ ਵਿਅਕਤੀ ਨੋਰੋਵਾਇਰਸ ਨਾਲ ਕਈ ਵਾਰ ਸੰਕਰਮਿਤ ਹੋ ਸਕਦਾ ਹੈ, ਕਿਉਂਕਿ ਇਸ ਦੀਆਂ ਕਈ ਕਿਸਮਾਂ ਹਨ।
ਨੋਰੋਵਾਇਰਸ ਦੇ ਲੱਛਣ
ਨੋਰੋਵਾਇਰਸ ਕਿਸੇ ਵੀ ਮਨੁੱਖ ਦੇ ਪੇਟ 'ਤੇ ਹਮਲਾ ਕਰਦਾ ਹੈ ਤੇ ਪੇਟ ਤੱਕ ਪਹੁੰਚਦੇ ਹੀ ਅੰਤੜੀਆਂ ਦੀ ਪਰਤ ਵਿੱਚ ਸੋਜ ਪੈਦਾ ਕਰਦਾ ਹੈ। ਸੰਕਰਮਿਤ ਵਿਅਕਤੀ ਵਿੱਚ ਦਸਤ, ਉਲਟੀਆਂ, ਪੇਟ ਦਰਦ ਤੇ ਗੈਸਟ੍ਰੋਇੰਟੇਸਟਾਈਨਲ ਲੱਛਣ ਆਮ ਤੌਰ 'ਤੇ ਦੇਖੇ ਜਾਂਦੇ ਹਨ। ਇਸ ਤੋਂ ਇਲਾਵਾ ਸੰਕਰਮਿਤ ਮਰੀਜ਼ ਵਿੱਚ ਬੁਖਾਰ, ਸਿਰ ਦਰਦ ਤੇ ਸਰੀਰ ਵਿੱਚ ਦਰਦ ਵੀ ਦੇਖਿਆ ਜਾਂਦਾ ਹੈ।
ਆਮ ਤੌਰ 'ਤੇ ਇਹ ਵਾਇਰਸ ਹਰ ਉਮਰ ਦੇ ਲੋਕਾਂ ਨੂੰ ਸੰਕਰਮਿਤ ਕਰ ਸਕਦਾ ਹੈ, ਪਰ ਬੱਚਿਆਂ, ਬਜ਼ੁਰਗਾਂ ਅਤੇ ਪਹਿਲਾਂ ਤੋਂ ਮੌਜੂਦ ਬਿਮਾਰੀਆਂ ਵਾਲੇ ਲੋਕਾਂ ਵਿੱਚ ਵਧੇਰੇ ਗੰਭੀਰ ਹੋ ਸਕਦਾ ਹੈ। ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ 12 ਤੋਂ 48 ਘੰਟਿਆਂ ਬਾਅਦ ਲੱਛਣ ਵਿਕਸਿਤ ਹੋ ਜਾਂਦੇ ਹਨ, ਜਦੋਂ ਕਿ ਸੰਕਰਮਿਤ ਵਿਅਕਤੀ 3 ਦਿਨਾਂ ਦੇ ਅੰਦਰ-ਅੰਦਰ ਠੀਕ ਹੋ ਸਕਦਾ ਹੈ ਜੇਕਰ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾਵੇ।
ਨੋਰੋਵਾਇਰਸ ਤੋਂ ਬਚਣ ਦੇ ਤਰੀਕੇ
ਹੁਣ ਤੱਕ ਦੀ ਸ਼ੁਰੂਆਤੀ ਜਾਂਚ ਵਿੱਚ ਨੋਰੋਵਾਇਰਸ ਘਾਤਕ ਨਹੀਂ ਪਾਇਆ ਗਿਆ ਹੈ, ਪਰ ਹੁਣ ਤੱਕ ਇਸ ਦੇ ਇਲਾਜ ਲਈ ਕੋਈ ਦਵਾਈ ਉਪਲਬਧ ਨਹੀਂ ਹੈ। ਇਸ ਲਈ ਰੋਕਥਾਮ ਸਭ ਤੋਂ ਵਧੀਆ ਹੱਲ ਹੈ। ਡਾਕਟਰ ਸੰਕਰਮਿਤ ਮਰੀਜ਼ ਨੂੰ ਜ਼ਿਆਦਾ ਪਾਣੀ ਤੇ ਤਰਲ ਪਦਾਰਥ ਲੈਣ ਦੀ ਸਲਾਹ ਦਿੰਦੇ ਹਨ। ਇਸ ਦਾ ਖ਼ਤਰਾ ਉਨ੍ਹਾਂ ਲੋਕਾਂ ਲਈ ਸਭ ਤੋਂ ਵੱਧ ਹੈ ਜੋ ਹਰ ਰੋਜ਼ ਜਾਨਵਰਾਂ ਦੇ ਸੰਪਰਕ ਵਿੱਚ ਆਉਂਦੇ ਹਨ। ਅਜਿਹੇ ਲੋਕਾਂ ਨੂੰ ਬਚਾਉਣ ਦੀ ਲੋੜ ਹੈ।
ਨੋਰੋਵਾਇਰਸ ਤੋਂ ਬਚਣ ਲਈ ਡਾਕਟਰ ਸਾਬਣ ਅਤੇ ਕੋਸੇ ਪਾਣੀ ਨਾਲ ਹੱਥਾਂ ਨੂੰ ਚੰਗੀ ਤਰ੍ਹਾਂ ਧੋਣ ਦੀ ਸਲਾਹ ਦੇ ਰਹੇ ਹਨ। ਇਸ ਤੋਂ ਇਲਾਵਾ ਤਾਜ਼ਾ ਭੋਜਨ ਖਾਓ ਅਤੇ ਜੇਕਰ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਘਰ 'ਚ ਹੀ ਰਹੋ। ਨੋਰੋਵਾਇਰਸ ਸੈਨੀਟਾਈਜ਼ਰ ਨਾਲ ਵੀ ਨਹੀਂ ਮਰਦਾ, ਇਸ ਲਈ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਲਾਭਦਾਇਕ ਨਹੀਂ ਹੋਵੇਗਾ।