ਜਲੰਧਰ: ਕੇਰਲ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਜਲੰਧਰ ਡਾਇਓਸਿਸ ਦੇ ਸਾਬਕਾ ਬਿਸ਼ਪ ਫ੍ਰੈਂਕੋ ਮੁਲੱਕਲ ਦੇ ਖਿਲਾਫ ਅੱਜ 2 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਐਸਆਈਟੀ ਨੇ ਫ੍ਰੈਂਕੋ 'ਤੇ ਰੇਪ ਦੇ ਨਾਲ-ਨਾਲ ਕਈ ਹੋਰ ਧਾਰਾਵਾਂ ਵੀ ਲਗਾਈਆਂ ਹਨ।


ਚਾਰਜਸ਼ੀਟ 'ਚ ਐਸਆਈਟੀ ਨੇ ਇਸ ਮਾਮਲੇ 'ਚ 83 ਗਵਾਹ ਬਣਾਏ ਹਨ ਜਿਨ੍ਹਾਂ 'ਚ ਕਈ ਪ੍ਰੀਸਟ, ਨਨ ਤੇ ਹੋਰ ਥਾਵਾਂ ਦੇ ਬਿਸ਼ਪ ਸ਼ਾਮਲ ਹਨ। ਕੇਰਲ ਦੀ ਰਹਿਣ ਵਾਲੀ ਇੱਕ ਨਨ ਦਾ ਇਲਜ਼ਾਮ ਹੈ ਕਿ ਫ੍ਰੈਂਕੋ ਨੇ ਕਈ ਵਾਰ ਉਸ ਨਾਲ ਰੇਪ ਕੀਤਾ ਸੀ ਤੇ ਮੂੰਹ ਖੋਲ੍ਹਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਸਨ।

ਦੱਸ ਦੇਈਏ ਭਾਰਤ ਦੇ ਇਤਿਹਾਸ 'ਚ ਇਹ ਪਹਿਲਾ ਮਾਮਲਾ ਹੈ ਜਦ ਕਿਸੇ ਬਿਸ਼ਪ 'ਤੇ ਬਲਾਤਕਾਰ ਵਰਗੇ ਇਲਜ਼ਾਮ ਲੱਗੇ ਹੋਣ। ਫ੍ਰੈਂਕੋ ਲਗਾਤਾਰ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਦੱਸਦੇ ਰਹੇ ਹਨ। ਬਿਸ਼ਪ ਨੂੰ ਕੇਰਲ ਪੁਲਿਸ ਨੇ ਇਸ ਮਾਮਲੇ 'ਚ ਗ੍ਰਿਫਤਾਰ ਵੀ ਕੀਤਾ ਸੀ, ਜਿਸ ਤੋਂ ਬਾਅਦ ਉਹ ਜ਼ਮਾਨਤ 'ਤੇ ਬਾਹਰ ਹਨ। ਜੇਲ੍ਹ ਤੋਂ ਪਰਤਣ ਤੋਂ ਬਾਅਦ ਫ੍ਰੈਂਕੋ ਮੁਲੱਕਲ ਨੇ ਜਾਂਚ ਪੂਰੀ ਹੋਣ ਤਕ ਬਿਸ਼ਪ ਦਾ ਅਹੁਦਾ ਛੱਡ ਦਿੱਤਾ ਸੀ।