ਮੇਰਠ: ਸੁਪਰੀਮ ਕੋਰਟ ਨੇ ਅੰਤਰਜਾਤੀ ਤੇ ਅੰਤਰ ਧਾਰਮਿਕ ਵਿਆਹ ਵਾਲਿਆਂ ਵਿਰੁੱਧ ਖਾਪ ਪੰਚਾਇਤਾਂ ਨੂੰ ਖੂਬ ਝਾੜ ਪਾਈ ਹੈ। ਸੁਪਰੀਮ ਕੋਰਟ ਦੀਆਂ ਝਿੜਕਾਂ ਖਾਣ ਤੋਂ ਬਾਅਦ ਖਾਪ ਪੰਚਾਇਤਾਂ ਨੇ ਧਮਕੀ ਦਿੱਤੀ ਹੈ ਕਿ ਜੇਕਰ ਸੁਪਰੀਮ ਕੋਰਟ ਨੇ ਉਨ੍ਹਾਂ ਦੀਆਂ ਪੁਰਾਤਨ ਰਹੁ-ਰੀਤਾਂ ਵਿੱਚ ਦਖਲਅੰਦਾਜ਼ੀ ਕੀਤੀ ਤਾਂ ਉਹ ਕੁੜੀਆਂ ਨੂੰ ਜਨਮ ਨਹੀਂ ਦੇਣਗੇ।
ਬਾਲਯਾਨ ਖਾਪ ਪੰਚਾਇਤ ਦੇ ਮੁਖੀ ਨਰੇਸ਼ ਟਿਕੈਤ ਨੇ ਕਿਹਾ ਕਿ ਉਹ ਲੋਕ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਹਨ, ਪਰ ਉਹ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਉਨ੍ਹਾਂ ਦੀਆਂ ਪੁਰਾਣੀਆਂ ਪਰੰਪਰਾਵਾਂ ਵਿੱਚ ਦਖਲ ਦਿੱਤਾ ਜਾਵੇ। ਜੇਕਰ ਸੁਪਰੀਮ ਕੋਰਟ ਇਸ ਤਰ੍ਹਾਂ ਦੇ ਹੁਕਮ ਦੇਵੇਗੀ ਤਾਂ ਉਹ ਕੁੜੀਆਂ ਨੂੰ ਜਨਮ ਹੀ ਨਹੀਂ ਦੇਣਗੇ। ਉਸ ਨੇ ਕਿਹਾ ਕਿ ਉਨ੍ਹਾਂ ਦੀਆਂ ਕੁੜੀਆਂ ਨੂੰ ਉਹ ਇੰਨਾ ਨਹੀਂ ਪੜ੍ਹਾਉਣਗੇ ਕਿ ਉਹ ਆਪਣੇ ਫੈਸਲਿਆਂ ਦੀ ਗੱਲ ਕਰਨ। ਜ਼ਰਾ ਸੋਚੋ ਕਿ ਜਦੋਂ ਸਮਾਜ ਵਿੱਚੋਂ ਕੁੜੀਆਂ ਹੀ ਖ਼ਤਮ ਹੋ ਜਾਣਗੀਆਂ।
ਬੀਤੇ ਸੋਮਵਾਰ ਸੁਪਰੀਮ ਕੋਰਟ ਵਿੱਚ ਖਾਪ ਪੰਚਾਇਤਾਂ 'ਤੇ ਰੋਕ ਲਾਉਣ ਦੇ ਮਾਮਲੇ ਵਿੱਚ ਦਾਇਰ ਜਨਹਿਤ ਪਟੀਸ਼ਨ 'ਤੇ ਚੀਫ ਜਸਟਿਸ ਦੀਪਕ ਮਿਸ਼ਰਾ ਦੇ ਬੈਂਚ ਨੇ ਸੁਣਵਾਈ ਕੀਤੀ ਸੀ। ਇਸ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਇੱਕੋ ਗੋਤ, ਅੰਤਰਜਾਰੀ ਵਿਆਹ ਤੇ ਅੰਤਰਧਰਮੀ ਵਿਆਹ ਕਰਨ 'ਤੇ ਖਾਪ ਪੰਚਾਇਤਾਂ ਅਣਖ ਖਾਤਰ ਕਤਲਾਂ ਨੂੰ ਉਤਸ਼ਾਹਿਤ ਕਰ ਰਹੀਆਂ ਹਨ।