ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਸਬੰਧਤ ਆਫਿਸ ਆਫ ਪ੍ਰੋਫਿਟ ਮਾਮਲੇ ਵਿੱਚ ਸੋਰੇਨ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ ਸੋਰੇਨ ਦੇ ਮਾਮਲੇ ਦੀ ਰਿਪੋਰਟ ਰਾਜਪਾਲ ਨੂੰ ਸੌਂਪ ਦਿੱਤੀ ਹੈ।
ਜਿਸ ਦਾ ਖੁਲਾਸਾ ਅੱਜ ਯਾਨੀ ਵੀਰਵਾਰ ਦੁਪਹਿਰ 2.30 ਵਜੇ ਕੀਤਾ ਜਾਵੇਗਾ। ਦਰਅਸਲ, ਝਾਰਖੰਡ ਦੇ ਰਾਜਪਾਲ ਇਸ ਸਮੇਂ ਦਿੱਲੀ ਵਿੱਚ ਹਨ ਅਤੇ ਉਹ ਦੁਪਹਿਰ 2 ਵਜੇ ਝਾਰਖੰਡ ਪਹੁੰਚਣਗੇ ਅਤੇ 2.30 ਵਜੇ ਚੋਣ ਕਮਿਸ਼ਨ ਦੀ ਰਿਪੋਰਟ ਜਨਤਕ ਕਰਨਗੇ। ਹਰ ਕੋਈ ਚੋਣ ਕਮਿਸ਼ਨ ਦੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ।
ਮੁੱਖ ਮੰਤਰੀ ਹੇਮੰਤ ਸੋਰੇਨ 'ਤੇ ਕਾਂਗਰਸ ਦੇ ਬੁਲਾਰੇ ਗੌਰਵ ਵੱਲਭ ਨੇ ਕਿਹਾ ਕਿ ਅਸੀਂ ਅਜੇ ਤੱਕ ਅਧਿਕਾਰਤ ਫੈਸਲਾ ਨਹੀਂ ਦੇਖਿਆ ਹੈ, ਇਸ ਲਈ ਉਦੋਂ ਤੱਕ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ। ਮੁੱਖ ਮੰਤਰੀ ਹੇਮੰਤ ਸੋਰੇਨ ਨਾਲ ਸਬੰਧਤ ਮਾਈਨਿੰਗ ਲੀਜ਼ ਮਾਮਲੇ ਵਿੱਚ ਲਾਭ ਦੇ ਅਹੁਦੇ ਲਈ ਵਿਧਾਇਕ ਦੇ ਅਹੁਦੇ ਤੋਂ ਅਯੋਗ ਠਹਿਰਾਉਣ ਦੀ ਮੰਗ ਕੀਤੀ ਗਈ ਸੀ।
ਜਿਸ ਤੋਂ ਬਾਅਦ ਰਾਜ ਭਵਨ ਨੇ ਮਾਮਲਾ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਸੀ। ਕਮਿਸ਼ਨ ਵਿੱਚ ਦੋਵਾਂ ਧਿਰਾਂ ਵੱਲੋਂ ਦਲੀਲਾਂ ਪੇਸ਼ ਕੀਤੀਆਂ ਗਈਆਂ। ਚੋਣ ਕਮਿਸ਼ਨ 'ਚ ਬਹਿਸ 18 ਅਗਸਤ ਨੂੰ ਪੂਰੀ ਹੋ ਗਈ ਸੀ। ਜਿਸ ਤੋਂ ਬਾਅਦ ਹੁਣ ਕਮਿਸ਼ਨ ਨੇ ਆਪਣੀ ਰਾਏ ਰਾਜਪਾਲ ਨੂੰ ਭੇਜ ਦਿੱਤੀ ਹੈ।
ਇਸ ਦੌਰਾਨ ਝਾਰਖੰਡ ਤੋਂ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਟਵੀਟ ਕੀਤਾ ਕਿ ਆਰਐਸਐਸ ਦੀਆਂ ਕਦਰਾਂ-ਕੀਮਤਾਂ ਨੇ ਮੈਨੂੰ ਵੱਡਾ ਕੀਤਾ, ਮੇਰਾ ਪਰਿਵਾਰ ਐਮਰਜੈਂਸੀ ਵਿੱਚ ਜੇਲ੍ਹ ਗਿਆ, ਭਾਜਪਾ ਵਰਗੀ ਪਾਰਟੀ ਨੇ ਮੇਰੇ ਵਰਗੇ ਛੋਟੇ ਵਰਕਰ ਨੂੰ ਸੰਸਦ ਮੈਂਬਰ ਬਣਾਇਆ।
ਫੈਸਲਾ ਸੋਰੇਨ ਦੇ ਹੱਕ ਵਿੱਚ ਜਾਂ ਵਿਰੋਧ ਵਿੱਚ?
ਭਾਜਪਾ ਦੇ ਵਫ਼ਦ ਨੇ ਫਰਵਰੀ 2022 ਵਿੱਚ ਮਾਈਨਿੰਗ ਲੀਜ਼ ਮਾਮਲੇ ਵਿੱਚ ਸ਼ਿਕਾਇਤ ਕੀਤੀ ਸੀ। ਮੁੱਖ ਮੰਤਰੀ ਹੇਮੰਤ ਸੋਰੇਨ 'ਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਲੱਗੇ ਸਨ। ਸੋਰੇਨ 'ਤੇ ਰਾਂਚੀ ਦੇ ਅਨਗਦਾ 'ਚ ਆਪਣੇ ਨਾਂ 'ਤੇ ਮਾਈਨਿੰਗ ਲੀਜ਼ ਲੈਣ ਦਾ ਦੋਸ਼ ਸੀ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 9 (ਏ) ਤਹਿਤ ਸੋਰੇਨ ਦੀ ਵਿਧਾਨ ਸਭਾ ਮੈਂਬਰੀ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਕਮਿਸ਼ਨ ਨੇ ਆਪਣੀ ਰਾਏ ਦੇ ਦਿੱਤੀ ਹੈ, ਹੁਣ ਦੇਖਣਾ ਹੋਵੇਗਾ ਕਿ ਇਹ ਰਾਏ ਸੋਰੇਨ ਦੇ ਹੱਕ 'ਚ ਹੈ ਜਾਂ ਵਿਰੋਧ 'ਚ।
ਨਾਜਾਇਜ਼ ਮਾਈਨਿੰਗ ਮਾਮਲੇ 'ਚ ਤੀਜੀ ਗ੍ਰਿਫਤਾਰੀ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਝਾਰਖੰਡ ਵਿੱਚ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿੱਚ ਪ੍ਰੇਮ ਪ੍ਰਕਾਸ਼ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਕਾਸ਼ ਨੂੰ ਬੁੱਧਵਾਰ ਦੁਪਹਿਰ 2 ਵਜੇ ਦੇ ਕਰੀਬ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਦੀਆਂ ਅਪਰਾਧਿਕ ਧਾਰਾਵਾਂ ਦੇ ਤਹਿਤ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਉਸਨੂੰ ਰਾਂਚੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਜਿੱਥੇ ਏਜੰਸੀ ਉਸਦੀ ਹਿਰਾਸਤ ਦੀ ਮੰਗ ਕਰੇਗੀ।
ਇਸ ਮਾਮਲੇ ਵਿੱਚ ਇਹ ਤੀਜੀ ਗ੍ਰਿਫ਼ਤਾਰੀ ਹੈ। ਇਸ ਤੋਂ ਪਹਿਲਾਂ ਈਡੀ ਨੇ ਇਸ ਮਾਮਲੇ ਵਿੱਚ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਸਿਆਸੀ ਸਹਿਯੋਗੀ ਪੰਕਜ ਮਿਸ਼ਰਾ ਅਤੇ ਮਿਸ਼ਰਾ ਦੇ ਸਹਿਯੋਗੀ ਅਤੇ ਬਾਹੂਬਲੀ ਬੱਚੂ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਸੀ।