Bombay High Court: ਬਾਂਬੇ ਹਾਈ ਕੋਰਟ ਨੇ ਯੌਨ ਸ਼ੋਸ਼ਣ ਨਾਲ ਜੁੜੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਮੁਲਜ਼ਮ ਨੌਜਵਾਨ ਨੂੰ ਜ਼ਮਾਨਤ 'ਤੇ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਕਿ ਬੁੱਲ੍ਹਾਂ ਨੂੰ ਚੁੰਮਣਾ ਤੇ ਪਿਆਰ ਨਾਲ ਕਿਸੇ ਨੂੰ ਛੂਹਣਾ ਭਾਰਤੀ ਦੰਡਾਵਲੀ ਦੀ ਧਾਰਾ 377 ਤਹਿਤ ਗੈਰ-ਕੁਦਰਤੀ ਅਪਰਾਧ ਨਹੀਂ। ਪੁਲਿਸ ਨੇ ਨਾਬਾਲਗ ਨੌਜਵਾਨ ਦੇ ਪਿਤਾ ਦੀ ਸ਼ਿਕਾਇਤ ’ਤੇ ਪਿਛਲੇ ਸਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਨੂੰ ਹੁਣ ਅਦਾਲਤ ਨੇ ਜ਼ਮਾਨਤ 'ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।



ਇਸ ਮਾਮਲੇ 'ਚ ਮੁਲਜ਼ਮਾਂ ਖਿਲਾਫ ਪ੍ਰੋਟੈਕਸ਼ਨ ਆਫ ਚਾਈਲਡ ਸੈਕਸੁਅਲ ਓਫੈਂਸ (ਪੋਕਸੋ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤੇ ਭਾਰਤੀ ਦੰਡਾਵਲੀ ਦੀ ਧਾਰਾ 377 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਨਾਬਾਲਗ ਨੌਜਵਾਨ ਆਨਲਾਈਨ ਗੇਮ ਓਲਾ ਪਾਰਟੀ ਰੀਚਾਰਜ ਕਰਨ ਲਈ ਮੁੰਬਈ ਦੇ ਇੱਕ ਉਪਨਗਰ ਵਿੱਚ ਸਥਿਤ ਆਰੋਪੀ ਵਿਅਕਤੀ ਦੀ ਦੁਕਾਨ 'ਤੇ ਜਾਂਦਾ ਸੀ।

ਨਾਬਾਲਗ ਨੌਜਵਾਨ ਦੇ ਪਿਤਾ ਵੱਲੋਂ ਦਰਜ ਕਰਵਾਈ ਐਫਆਈਆਰ ਅਨੁਸਾਰ ਇੱਕ ਦਿਨ ਜਦੋਂ ਨਾਬਾਲਗ ਨੌਜਵਾਨ ਗੇਮ ਰੀਚਾਰਜ ਕਰਨ ਲਈ ਮੁਲਜ਼ਮ ਦੀ ਦੁਕਾਨ ’ਤੇ ਗਿਆ ਤਾਂ ਮੁਲਜ਼ਮ ਨੇ ਉਸ ਦੇ ਬੁੱਲ੍ਹਾਂ ਨੂੰ ਗਲਤ ਤਰੀਕੇ ਨਾਲ ਚੁੰਮਿਆ ਅਤੇ ਉਸ ਦੇ ਗੁਪਤ ਅੰਗਾਂ ਨੂੰ ਛੂਹ ਲਿਆ। ਜਿਸ ਤੋਂ ਬਾਅਦ ਨੌਜਵਾਨ ਦੇ ਪਿਤਾ ਨੇ ਦੋਸ਼ੀ ਦੁਕਾਨਦਾਰ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਅਦਾਲਤ ਨੇ ਕੀ ਕਿਹਾ?
ਮਾਮਲੇ ਦੀ ਸੁਣਵਾਈ ਕਰ ਰਹੇ ਜਸਟਿਸ ਪ੍ਰਭੂਦੇਸਾਈ ਨੇ ਆਰੋਪੀ ਵਿਅਕਤੀ ਨੂੰ ਇਹ ਕਹਿੰਦਿਆਂ ਜ਼ਮਾਨਤ ਦੇ ਦਿੱਤੀ ਕਿ ਨਾਬਾਲਗ ਨੌਜਵਾਨ ਦੀ ਮੈਡੀਕਲ ਜਾਂਚ ਉਸ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਮਰਥਨ ਨਹੀਂ ਕਰਦੀ। ਨਾਲ ਹੀ, ਜੱਜ ਨੇ ਕਿਹਾ ਕਿ ਆਰੋਪੀ ਵਿਅਕਤੀ ਨੂੰ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ ਤੇ ਉਸ ਨੂੰ ਜ਼ਮਾਨਤ ਦਿੱਤੀ ਜਾ ਸਕਦੀ ਹੈ।

ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਨੇ ਕਿਹਾ ਕਿ ਇਸ ਮਾਮਲੇ 'ਚ ਗੈਰ-ਕੁਦਰਤੀ ਸੈਕਸ ਦਾ ਮਾਮਲਾ ਪਹਿਲੀ ਨਜ਼ਰੇ ਲਾਗੂ ਨਹੀਂ ਹੈ। ਇਸ ਤੋਂ ਇਲਾਵਾ ਆਰੋਪੀ ਵਿਅਕਤੀ ਪਿਛਲੇ ਇੱਕ ਸਾਲ ਤੋਂ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ ਅਤੇ ਜਲਦੀ ਹੀ ਮੁਕੱਦਮਾ ਸ਼ੁਰੂ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਨਾਲ ਸਬੰਧਤ ਤੱਥਾਂ ਨੂੰ ਦੇਖਦੇ ਹੋਏ ਆਰੋਪੀ ਵਿਅਕਤੀ ਜ਼ਮਾਨਤ ਦਾ ਹੱਕਦਾਰ ਹੈ। ਅਦਾਲਤ ਨੇ ਮੁਲਜ਼ਮ ਨੂੰ 30,000 ਰੁਪਏ ਦੇ ਨਿੱਜੀ ਮੁਚੱਲਕੇ 'ਤੇ ਜ਼ਮਾਨਤ ਦੇਣ ਦਾ ਹੁਕਮ ਦਿੱਤਾ ਹੈ।