ਨਵੀਂ ਦਿੱਲੀ: ਅਜੋਕੇ ਦੌਰ 'ਚ ਕਰੀਬ ਹਰ ਘਰ ਦੀ ਰਸੋਈ 'ਚ ਗੈਸ ਸਿਲੰਡਰ ਮੌਜੂਦ ਹੈ। ਪਰ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਗੈਸ ਸਿਲੰਡਰ ਦੇ ਹੱਥੇ ਦੀ ਕਿਸੇ ਪੱਟੀ 'ਤੇ ਇਕ ਕੋਡ ਲਿਖਿਆ ਹੁੰਦਾ ਹੈ। ਇਹ B-15 ਜਿਹਾ ਹੁੰਦਾ ਹੈ। ਹਰ ਸਿਲੰਡਰ 'ਤੇ ਆਪਣਾ ਇਕ ਵੱਖਰਾ ਕੋਡ ਲਿਖਿਆ ਹੁੰਦਾ ਹੈ। ਪਰ ਕੀ ਤੁਸੀਂ ਇਨ੍ਹਾਂ ਕੋਡਸ ਦਾ ਮਤਲਬ ਜਾਣਦੇ ਹੋ। ਦਰਅਸਲ ਇਨ੍ਹਾਂ ਦਾ ਸਬੰਧ ਤੁਹਾਡੀ ਸੁਰੱਖਿਆ ਨਾਲ ਹੁੰਦਾ ਹੈ।
ਟੈਸਟਿੰਗ ਡੇਟ ਲਈ ਲਿਖੇ ਜਾਂਦੇ ਕੋਡ
ਦਰਅਸਲ ਸਿਲੰਡਰ 'ਤੇ ਲਿਖੇ ਇਨ੍ਹਾਂ ਕੋਡਸ 'ਚ ਅੰਗਰੇਜ਼ੀ ਦੇ ਚਾਰ ਅੱਖਰਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ABCD ਹੁੰਦੇ ਹਨ। ਇਨ੍ਹਾਂ ਦਾ ਸਬੰਧ ਮਹੀਨੇ ਨਾਲ ਹੁੰਦਾ ਹੈ। A ਦਾ ਇਸਤੇਮਾਲ ਜਨਵਰੀ, ਫਰਵਰੀ ਤੇ ਮਾਰਚ ਲਈ ਕੀਤਾ ਜਾਂਦਾ ਹੈ। B ਦਾ ਇਸਤੇਮਾਲ ਅਪ੍ਰੈਲ, ਮਈ ਤੇ ਜੂਨ ਲਈ ਕੀਤਾ ਜਾਂਦਾ ਹੈ। C ਦਾ ਇਸਤੇਮਾਲ ਜੁਲਾਈ, ਅਗਸਤ ਤੇ ਸਤੰਬਰ ਲਈ ਕੀਤਾ ਜਾਂਦਾ ਹੈ। ਇਸੇ ਤਰ੍ਹਾਂ D ਦਾ ਇਸਤੇਮਾਲ ਅਕਤੂਬਰ, ਨਵੰਬਰ ਤੇ ਦਸੰਬਰ ਲਈ ਕੀਤਾ ਜਾਂਦਾ ਹੈ।
ਅੰਗਰੇਜ਼ੀ ਦੇ ਇਨ੍ਹਾਂ ਅੱਖਰਾਂ ਤੋਂ ਬਾਅਦ ਆਉਣ ਵਾਲੇ ਅੰਕਾਂ ਦਾ ਮਤਲਬ ਉਸ ਸਾਲ ਨਾਲ ਹੁੰਦਾ ਹੈ। ਜਿਸ 'ਚ ਉਨ੍ਹਾਂ ਦੀ ਟੈਸਟਿੰਗ ਹੋਣ ਵਾਲੀ ਹੁੰਦੀ ਹੈ। ਇਸ ਤਰ੍ਹਾਂ ਸਮਝੋ ਕਿ ਤੁਹਾਡੇ ਗੈਸ 'ਤੇ B-30 ਕੋਡ ਲਿਖਿਆ ਹੈ। ਇਸਦਾ ਮਤਲਬ ਇਸ ਗੈਸ ਸਿਲੰਡਰ ਦੀ ਟੈਸਟਿੰਗ ਸਾਲ 2030 ਦੇ ਅਪ੍ਰੈਲ, ਮਈ ਤੇ ਜੂਨ 'ਚ ਕੀਤੀ ਜਾਵੇਗੀ। ਜੇਕਰ ਟੈਸਟਿੰਗ ਦੀ ਡੇਟ ਨਿੱਕਲ ਗਈ ਹੈ ਤਾਂ ਸਮਝੋ ਸਿਲੰਡਰ ਤੁਹਾਡੇ ਲਈ ਬਹੁਤ ਖਤਰਨਾਕ ਹੈ।
ਕਿੰਨੇ ਸਾਲ ਦੀ ਹੁੰਦੀ ਹੈ ਗੈਸ ਸਿਲੰਡਰ ਦੀ ਮਿਆਦ
ਭਾਰਤ 'ਚ ਬਣਨ ਵਾਲੇ ਗੈਸ ਸਿਲੰਡਰ ਲਈ BIS 3196 ਮਾਪਦੰਡ ਦਾ ਪਾਲਣ ਕੀਤਾ ਜਾਂਦਾ ਹੈ। ਇਸ ਤਹਿਤ ਬਣੇ ਗੈਸ ਸਿਲੰਡਰ ਦੀ ਲਾਈਫ 15 ਸਾਲ ਹੁੰਦੀ ਹੈ। ਅਜਿਹੇ 'ਚ ਕਿਸੇ ਵੀ ਗੈਸ ਸਿਲੰਡਰ ਦੀ ਦੋ ਵਾਰ ਟੈਸਟਿੰਗ ਕੀਤੀ ਜਾਂਦੀ ਹੈ। ਪਹਿਲੀ ਟੈਸਟਿੰਗ 10 ਸਾਲ ਬਾਅਦ ਹੁੰਦੀ ਹੈ ਜਦਕਿ ਦੂਜੀ ਟੈਸਟਿੰਗ 5 ਸਾਲ ਬਾਅਦ ਹੁੰਦੀ ਹੈ।