Reward for Lawrence Bishnoi Encounter: ਮਹਾਰਾਸ਼ਟਰ NCP ਨੇਤਾ ਬਾਬਾ ਸਿੱਦੀਕੀ ਦੇ ਕਤਲ ਤੋਂ ਬਾਅਦ ਫਿਰ ਤੋਂ ਸੁਰਖੀਆਂ 'ਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ ਕਰਣੀ ਸੈਨਾ (kshatriya Karni Sena) ਦਾ ਬਿਆਨ ਸਾਹਮਣੇ ਆਇਆ ਹੈ। ਕਰਣੀ ਸੈਨਾ ਦੇ ਕੌਮੀ ਪ੍ਰਧਾਨ ਡਾਕਟਰ ਰਾਜ ਸ਼ੇਖਾਵਤ ਨੇ ਲਾਰੈਂਸ ਬਿਸ਼ਨੋਈ ਦਾ ਸਾਹਮਣਾ ਕਰਨ ਵਾਲੇ ਪੁਲਿਸ ਮੁਲਾਜ਼ਮ ਨੂੰ 1 ਕਰੋੜ 11 ਲੱਖ 11 ਹਜ਼ਾਰ 111 ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।


ਰਾਜ ਸ਼ੇਖਾਵਤ ਨੇ ਇੱਕ ਵੀਡੀਓ ਜਾਰੀ ਕਰਕੇ ਐਨਕਾਊਂਟਰ ਦੇ ਬਦਲੇ ਇਨਾਮ ਦੇਣ ਦੀ ਗੱਲ ਕੀਤੀ ਹੈ। ਇਸ ਵੀਡੀਓ 'ਚ ਰਾਜ ਸ਼ੇਖਾਵਤ ਨੇ ਕਿਹਾ,''ਲਾਰੈਂਸ ਬਿਸ਼ਨੋਈ ਦਾ ਐਨਕਾਊਂਟਰ ਕਰਨ ਵਾਲੇ ਪੁਲਿਸ ਕਰਮਚਾਰੀ ਨੂੰ 1,11,11,111 ਰੁਪਏ ਦਿੱਤੇ ਜਾਣਗੇ। ਸਾਡੇ ਕੀਮਤੀ ਹੀਰੇ ਅਤੇ ਵਿਰਾਸਤੀ ਅਮਰ ਸ਼ਹੀਦ ਸੁਖਦੇਵ ਦੇ ਕਾਤਲ ਲਾਰੈਂਸ ਬਿਸ਼ਨੋਈ ਦਾ ਸਾਹਮਣਾ ਕਰਨ ਵਾਲੇ ਪੁਲਿਸ ਕਰਮਚਾਰੀ ਨੂੰ ਕਸ਼ਤਰੀ ਕਰਣੀ ਸੈਨਾ ਇਹ ਰਾਸ਼ੀ ਦੇਵੇਗੀ। ਇੰਨਾ ਹੀ ਨਹੀਂ ਉਸ ਬਹਾਦਰ ਪੁਲਿਸ ਕਰਮਚਾਰੀ ਦੇ ਪਰਿਵਾਰ ਦੀ ਸੁਰੱਖਿਆ ਲਈ ਪੂਰੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਸਾਡੀ ਹੀ ਰਹੇਗੀ। 



ਲਾਰੈਂਸ ਬਿਸ਼ਨੋਈ ਕਾਰਨ ਡਰ ਦਾ ਮਾਹੌਲ-ਰਾਜ ਸ਼ੇਖਾਵਤ 


ਇੱਕ ਦਿਨ ਪਹਿਲਾਂ ਰਾਜ ਸ਼ੇਖਾਵਤ ਨੇ ਵਡੋਦਰਾ ਵਿੱਚ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰਾਂ ਉੱਤੇ ਨਿਸ਼ਾਨਾ ਸਾਧਿਆ ਸੀ। ਸ਼ੇਖਾਵਤ ਨੇ ਕਿਹਾ ਸੀ ਕਿ ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਂ ਵੀ ਆਇਆ ਸੀ। ਸ਼ੇਖਾਵਤ ਨੇ ਕਿਹਾ ਸੀ ਕਿ ਲਾਰੈਂਸ ਬਿਸ਼ਨੋਈ ਅਤੇ ਉਸ ਵਰਗੇ ਗੈਂਗਸਟਰਾਂ ਨੇ ਪੂਰੇ ਦੇਸ਼ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।






 


ਦੱਸ ਦੇਈਏ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਲੰਬੇ ਸਮੇਂ ਤੋਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਦੁਸਹਿਰੇ ਵਾਲੇ ਦਿਨ ਮੁੰਬਈ ਦੇ ਬਾਂਦਰਾ ਵਿੱਚ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ, ਜਿਸ ਤੋਂ ਅਗਲੇ ਦਿਨ ਇੱਕ ਫੇਸਬੁੱਕ ਪੋਸਟ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਮੁੰਬਈ ਕ੍ਰਾਈਮ ਬ੍ਰਾਂਚ ਦੀਆਂ 15 ਟੀਮਾਂ ਇਸ ਕਤਲ ਦੀ ਜਾਂਚ 'ਚ ਲੱਗੀਆਂ ਹੋਈਆਂ ਹਨ। ਇਸ ਮਾਮਲੇ 'ਚ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।