ਨਵੀਂ ਦਿੱਲੀ: ਕਰਨਾਟਕ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਜੇਡੀਐਸ ਨੇਤਾ ਐਚਡੀ ਕੁਮਾਰਸਵਾਮੀ ਗਠਜੋੜ ਦੇ ਮੁੱਦਿਆਂ 'ਤੇ ਚਰਚਾ ਲਈ ਅੱਜ ਸੋਨੀਆ ਗਾਂਧੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ।। ਕਿਹਾ ਜਾ ਰਿਹਾ ਹੈ ਕਿ ਕੁਮਾਰਸਵਾਮੀ ਦੇ ਦਿੱਲੀ ਦੌਰੇ ਤੋਂ ਬਾਅਦ ਹੀ ਮੰਤਰੀ ਮੰਡਲ ਦੀ ਲਿਸਟ ਫਾਈਨਲ ਹੋਵੇਗੀ।


 

ਇਸ ਦੇ ਨਾਲ ਹੀ ਕੁਮਾਰਸਵਾਮੀ ਨੇ ਜੇਡੀਐਸ ਤੇ ਕਾਂਗਰਸ ਵੱਲੋਂ ਅੱਧਾ-ਅੱਧਾ ਸਮਾਂ ਸੱਤਾ ਸਾਂਝੀ ਕਰਨ ਦੇ ਫਾਰਮੂਲੇ ਨੂੰ ਫਰਜ਼ੀ ਕਰਾਰ ਦਿੱਤਾ ਹੈ। ਕੁਮਾਰਸਵਾਮੀ ਨੇ ਕਿਹਾ ਕਿ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹੀ ਇਹ ਫੈਸਲਾ ਲਿਆ ਜਾਵੇਗਾ ਕਿ ਕਾਂਗਰਸ ਤੇ ਜੇਡੀਐਸ ਦੇ ਵਿਧਾਇਕਾਂ ਵਿੱਚੋਂ ਕਿੰਨੇ ਮੰਤਰੀ ਬਣਦੇ ਹਨ।

ਜਾਣਕਾਰੀ ਮੁਤਾਬਕ ਕੁਮਾਰਸਵਾਮੀ 23 ਮਈ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਕੁਮਾਰਸਵਾਮੀ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਉਹ 24 ਘੰਟਿਆਂ ਦਰਮਿਆਨ ਬਹੁਮਤ ਸਾਬਤ ਕਰ ਦੇਣਗੇ।