ਵਾਰਾਣਸੀ: ਪ੍ਰਧਾਨ ਮੰਤਰੀ ਮੋਦੀ ਦੇ ਵਾਰਾਣਸੀ ਦੌਰੇ ਦੌਰਾਨ ਯੂਨੀਵਰਸਿਟੀ ਵਿਦਿਆਰਥਣਾਂ ਨੂੰ ਪੁਲਿਸ ਦੇ ਜ਼ਬਰ ਦਾ ਸਾਹਮਣਾ ਕਰਨ ਪਿਆ। ਬੀਤੇ 3 ਦਿਨਾਂ ਤੋਂ ਬਨਾਰਸ ਹਿੰਦੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਸੁਰੱਖਿਆ ਮੁਹੱਈਆ ਕਰਾਉਣ ਲਈ ਪ੍ਰਦਰਸ਼ਨ ਕਰ ਰਹੀਆਂ ਸਨ। ਆਪਣੇ ਹੋਸਟਲ ਲਈ ਸੁਰੱਖਿਅਤ ਮਾਹੌਲ ਦੀ ਮੰਗ ਕਰਦੀਆਂ ਇਨ੍ਹਾਂ ਵਿਦਿਆਰਥਣਾਂ 'ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਹ ਵਿਦਿਆਰਥਣਾਂ ਯੂਨੀਵਰਸਿਟੀ ਵਿੱਚ ਦਿਨੋਂ-ਦਿਨ ਵਧ ਰਹੀਆਂ ਛੇੜਛਾੜ ਦੀਆਂ ਘਟਨਾਵਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ।

ਆਪਣੀ ਗੱਲ ਰੱਖਣ ਲਈ ਕੁਲਪਤੀ ਦੀ ਰਿਹਾਇਸ਼ ਵੱਲ ਵਧ ਰਹੀਆਂ ਇਨ੍ਹਾਂ ਵਿਦਿਆਰਥਣਾਂ 'ਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਪੁਲਿਸ ਦੀ ਇਸ ਕਾਰਵਾਈ ਵਿੱਚ ਕਈ ਵਿਦਿਆਰਥਣਾਂ ਤੇ ਮੀਡੀਆਕਰਮੀ ਵੀ ਜ਼ਖ਼ਮੀ ਹੋ ਗਏ। ਲਾਠੀਚਾਰਜ ਦੌਰਾਨ ਇੱਕ ਵਿਦਿਆਰਥਣ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਜਿਸ ਸਮੇਂ ਲਾਠੀਚਾਰਜ ਕੀਤਾ ਤਾਂ ਇਹ ਵੀ ਸੁਣਨ ਵਿੱਚ ਆਇਆ ਕਿ ਪੁਲਿਸ ਨੇ ਹਵਾਈ ਫ਼ਾਇਰ ਵੀ ਕੀਤੇ ਸਨ। ਮੁੱਖ ਗੇਟ 'ਤੇ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਭਜਾ ਭਜਾ ਕੇ ਕੁੱਟਿਆ।

ਵਿਦਿਆਰਥਣਾਂ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਰਾਤ 3:30 ਵਜੇ ਆਈ.ਜੀ., ਕਮਿਸ਼ਨਰ ਤੇ ਡੀ.ਐਮ. ਸਮੇਤ ਕਈ ਅਧਿਕਾਰੀ ਹੋਰ ਅਧਿਕਾਰੀਆਂ ਨੇ ਬੀ.ਐਚ.ਯੂ. ਦੇ ਕੁਲਪਤੀ ਗਿਰੀਸ਼ ਤ੍ਰਿਪਾਠੀ ਨਾਲ ਬੈਠਕ ਕੀਤੀ। ਧਰਨਾ ਪ੍ਰਦਰਸ਼ਨ ਕਾਰਨ ਬੀ.ਐਚ.ਯੂ. ਕੈਂਪਸ ਨੂੰ 2 ਅਕਤੂਬਰ ਤਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਉੱਥੇ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਪੁਲਿਸ ਤੇ ਪੀ.ਏ.ਸੀ. ਦੇ ਤਕਰੀਬਨ 1500 ਜਵਾਨ ਕੈਂਪਸ ਵਿੱਚ ਤਾਇਨਾਤ ਕੀਤੇ ਗਏ ਹਨ।

ਦਰਅਸਲ, ਕੈਂਪਸ ਦੀਆਂ ਵਿਦਿਆਰਥਣਾਂ ਆਪਣੇ ਨਾਲ ਹੋ ਰਹੀ ਛੇੜਖਾਨੀ ਦੇ ਵਿਰੋਧ ਵਿੱਚ ਰੋਸ ਮੁਜ਼ਾਹਰਾ ਕਰ ਰਹੀਆਂ ਹਨ। ਰੋਜ਼ ਵਧ ਰਹੀ ਛੇੜਖਾਨੀ ਦਾ ਵਿਰੋਧ ਕਰਨ ਲਈ ਬੈਚੂਲਰ ਆਫ਼ ਫਾਈਨ ਆਰਟਸ ਦੀ ਵਿਦਿਆਰਥਣ ਅਕਾਂਕਸ਼ਾ ਨੇ ਆਪਣਾ ਸਿਰ ਤਕ ਮੁੰਨ ਲਿਆ ਸੀ। ਉਸ ਦੇ ਸਮਥਨ ਵਿੱਚ ਯੂਨੀਵਰਸਿਟੀ ਦੀਆਂ ਕਾਫੀ ਕੁੜੀਆਂ ਤੇ ਮੁੰਡੇ ਨਿੱਤਰ ਆਏ।

ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਕੈਂਪਸ ਦੇ ਬਾਹਰ ਵਾਲੇ ਮੁੰਡਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਹੈ। ਛੇੜਖਾਨੀ ਕਰਨ ਵਾਲਿਆਂ ਦੀ ਹਿੰਮਤ ਇੰਨੀ ਵਧ ਗਈ ਹੈ ਕਿ ਉਹ ਕੁੜੀਆਂ ਦੇ ਹੋਸਟਲ ਵਿੱਚ ਰੋੜੇ ਵੀ ਮਾਰਦੇ ਹਨ। ਇਹ ਨਹੀਂ ਕਿ ਇਨ੍ਹਾਂ ਕੁੜੀਆਂ ਨੇ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ, ਉਨ੍ਹਾਂ ਦੱਸਿਆ ਕਿ ਡੀਨ ਤੋਂ ਲੈ ਕੇ ਪ੍ਰੋਫੈਸਰ ਤਕ ਸਾਰਿਆਂ ਨੂੰ ਸ਼ਿਕਾਇਤ ਕੀਤੀ ਪਰ ਕਿਸੇ ਨੇ ਬਹੁਤਾ ਧਿਆਨ ਨਹੀਂ ਦਿੱਤਾ ਗਿਆ।