Lawrence Bishnoi Gang: ਭਾਰਤ ਵਿੱਚ ਕਈ ਵੱਡੇ ਕਤਲਾਂ ਨੂੰ ਅੰਜਾਮ ਦੇਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ ਏਜੰਸੀਆਂ ਆਪਣਾ ਸ਼ਿਕੰਜਾ ਕੱਸ ਰਹੀਆਂ ਹਨ। ਹੁਣ ਇੰਟਰਪੋਲ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਹੋਰ ਗੈਂਗਸਟਰਾਂ ਖਿਲਾਫ ਰੈੱਡ ਨੋਟਿਸ ਜਾਰੀ ਕੀਤਾ ਹੈ, ਜੋ ਵਿਦੇਸ਼ਾਂ ਤੋਂ ਇਸ ਗਰੋਹ ਨੂੰ ਚਲਾ ਰਹੇ ਹਨ। ਏਜੰਸੀਆਂ ਮੁਤਾਬਕ ਇਹ ਦੋਵੇਂ ਗੈਂਗਸਟਰ ਭਾਰਤ ਤੋਂ ਭੱਜ ਚੁੱਕੇ ਹਨ ਤੇ ਵਿਦੇਸ਼ਾਂ 'ਚ ਬੈਠ ਕੇ ਬਿਸ਼ਨੋਈ ਗੈਂਗ ਦਾ ਨੈੱਟਵਰਕ ਚਲਾ ਰਹੇ ਹਨ। ਇਨ੍ਹਾਂ ਦੋਵਾਂ ਖ਼ਿਲਾਫ਼ ਭਾਰਤ ਵਿੱਚ ਕਈ ਤਰ੍ਹਾਂ ਦੇ ਕੇਸ ਦਰਜ ਹਨ, ਜਿਸ ਤੋਂ ਬਾਅਦ ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਸੀ।



ਕੇਸ ਐਨਆਈਏ ਨੂੰ ਸੌਂਪੇ ਜਾ ਰਹੇ
ਜਾਂਚ ਏਜੰਸੀਆਂ ਮੁਤਾਬਕ ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ ਦੇ ਦੁਬਈ ਵਿੱਚ ਲੁਕੇ ਹੋਣ ਦਾ ਸ਼ੱਕ ਹੈ। ਦੂਜੇ ਪਾਸੇ ਕਪਿਲ ਸਾਂਗਵਾਨ ਦਾ ਨਾਂ ਹਾਲ ਹੀ ਵਿੱਚ ਕਿਸਾਨ ਮੋਰਚਾ ਦੇ ਇੱਕ ਆਗੂ ਦੇ ਕਤਲ ਵਿੱਚ ਸਾਹਮਣੇ ਆਇਆ ਸੀ। ਕਿਹਾ ਜਾ ਰਿਹਾ ਹੈ ਕਿ ਉਹ ਬ੍ਰਿਟੇਨ 'ਚ ਲੁਕਿਆ ਹੋਇਆ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਭਾਰਤੀ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ। ਬਿਸ਼ਨੋਈ ਤੇ ਉਸ ਦੇ ਗਰੋਹ ਖਿਲਾਫ ਚੱਲ ਰਹੇ ਜ਼ਿਆਦਾਤਰ ਮਾਮਲੇ ਹੁਣ ਐਨਆਈਏ ਨੂੰ ਸੌਂਪ ਦਿੱਤੇ ਗਏ ਹਨ। ਐਨਆਈਏ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਿਸ਼ਨੋਈ ਤੇ ਉਸ ਦੇ ਗਰੋਹ ਦੇ ਆਈਐਸਆਈ ਤੇ ਖਾਲਿਸਤਾਨੀ ਕੱਟੜਪੰਥੀਆਂ ਨਾਲ ਸੰਪਰਕ ਹਨ।


ਦੱਸ ਦੇਈਏ ਕਿ ਇੰਟਰਪੋਲ ਜਦੋਂ ਇੱਕ ਵਾਰ ਰੈੱਡ ਨੋਟਿਸ ਜਾਰੀ ਕਰਦਾ ਹੈ, ਤਾਂ ਜੋ ਦੇਸ਼ ਇਸ ਦਾ ਮੈਂਬਰ ਹੈ, ਉੱਥੇ ਭਗੌੜੇ ਨੂੰ ਹਿਰਾਸਤ ਵਿੱਚ ਲੈਣਾ ਜ਼ਰੂਰੀ ਹੁੰਦਾ ਹੈ ਤੇ ਜਿਸ ਦੇਸ਼ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ, ਉਸ ਨੂੰ ਤੁਰੰਤ ਸੂਚਿਤ ਕਰਨਾ ਜ਼ਰੂਰੀ ਹੁੰਦਾ ਹੈ। ਇਸ ਤੋਂ ਬਾਅਦ ਮੁਲਜ਼ਮਾਂ ਨੂੰ ਦੇਸ਼ ਵਾਪਸ ਲਿਆਉਣ ਲਈ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ।



ਗੋਲਡੀ ਬਰਾੜ ਵੱਡਾ ਨਿਸ਼ਾਨਾ
ਗੈਂਗਸਟਰ ਲਾਰੈਂਸ ਬਿਸ਼ਨੋਈ ਪਿਛਲੇ ਕਈ ਸਾਲਾਂ ਤੋਂ ਜੇਲ੍ਹ 'ਚ ਬੰਦ ਹੈ ਪਰ ਇਸ ਦੇ ਬਾਵਜੂਦ ਉਸ ਦੇ ਕਾਲੇ ਕਾਰੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਬਿਸ਼ਨੋਈ ਦਾ ਦੋਸਤ ਗੋਲਡੀ ਬਰਾੜ ਹੈ। ਉਹ ਬਿਸ਼ਨੋਈ ਦੇ ਇਸ਼ਾਰੇ 'ਤੇ ਵਿਦੇਸ਼ ਬੈਠੇ ਹੋਏ ਵੀ ਕਿਸੇ ਨੂੰ ਵੀ ਮਰਵਾ ਦਿੰਦਾ ਹੈ। ਇਸ ਗੈਂਗ ਨੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਵੀ ਕਰਵਾਇਆ ਸੀ ਜਿਸ ਕਾਰਨ ਇਸ ਸਮੇਂ ਏਜੰਸੀਆਂ ਦਾ ਸਭ ਤੋਂ ਵੱਡਾ ਨਿਸ਼ਾਨਾ ਗੋਲਡੀ ਬਰਾੜ ਹੈ।