ਚੰਡੀਗੜ੍ਹ: ਆਮ ਆਦਮੀ ਪਾਰਟੀ ਲਈ ਦਿੱਲੀ ਤੇ ਪੰਜਾਬ ਤੋਂ ਬਾਅਦ ਹਰਿਆਣਾ ਅਜਿਹਾ ਸੂਬਾ ਹੈ, ਜਿੱਥੇ ਉਹ ਆਪਣਾ ਆਧਾਰ ਸੌਖਿਆਂ ਹੀ ਬਣਾ ਸਕਦੀ ਹੈ। ਇਸ ਦਾ ਵੱਡਾ ਕਾਰਨ ਹੈ ਕਿ ਹਰਿਆਣਾ ਕੇਜਰੀਵਾਲ ਦਾ ਜੱਦੀ ਸੂਬਾ ਹੈ। ਪੰਜਾਬ ਵਿੱਚ ਚੋਣ ਹਾਰਾਂ ਤੋਂ 'ਆਪ' ਕਾਫ਼ੀ ਸਿੱਖ ਚੁੱਕੀ ਜਾਪਦੀ ਹੈ ਤੇ ਮੁੜ ਤੋਂ ਉਹੀ ਗ਼ਲਤੀਆਂ ਦੁਹਰਾਉਣ ਦੇ ਰੌਂਅ ਵਿੱਚ ਨਹੀਂ। ਪੰਜਾਬ ਵਿੱਚ ਪਿਛਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਨੇ ਹਰ ਵੱਡੀ-ਛੋਟੀ ਹਾਰੀ ਤੇ ਨਾ ਹੀ ਕੋਈ ਜ਼ਿਮਨੀ ਚੋਣ ਜਿੱਤੀ। ਇਨ੍ਹਾਂ ਹੱਡ ਭੰਨ੍ਹਵੀਆਂ ਹਾਰਾਂ ਨੇ ਹਾਈ-ਕਮਾਨ ਨੂੰ ਵੀ ਚੌਧਰ ਵਰਤਣ ਦੀ ਜਾਚ ਸਿਖਾ ਹੀ ਦਿੱਤੀ ਹੈ।
ਇਸੇ ਲਈ 'ਆਪ' ਨੇ ਸਭ ਤੋਂ ਪਹਿਲਾਂ ਆਪਣਾ ਰਿਮੋਟ ਕੰਟ੍ਰੋਲ ਦੂਰ ਰੱਖਣ ਦਾ ਫੈਸਲਾ ਲਿਆ ਹੈ। ਪੰਜਾਬ ਵਿੱਚ ਇਸੇ ਰਿਮੋਟ ਕੰਟ੍ਰੋਲ ਤੋਂ ਅੱਕੇ ਲੀਡਰਾਂ ਦੀ ਖ਼ੁਦਮੁਖ਼ਤਿਆਰੀ ਦੀ ਮੰਗ ਤੋਂ ਪਾਰਟੀ ਨੇ ਕਾਫੀ ਸਿੱਖਿਆ ਲਈ ਹੈ ਤੇ ਹਰਿਆਣਾ ਵਿੱਚ ਪਹਿਲਾਂ ਤੋਂ ਹੀ ਸ਼ਕਤੀਆਂ ਦੀ ਵੰਡ ਸਥਾਨਕ ਆਗੂਆਂ ਵਿੱਚ ਕਰ ਦਿੱਤੀ ਹੈ ਤੇ ਜਾਂ ਇਹੋ ਜਿਹਾ ਪ੍ਰਬੰਧ ਕੀਤਾ ਹੈ ਕਿ ਘੱਟੋ-ਘੱਟ ਲੋਕਾਂ ਨੂੰ ਅਜਿਹਾ ਹੀ ਪ੍ਰਤੀਤ ਹੋਵੇ।
'ਆਪ' ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੇ ਅੱਗੇ ਆਉਂਦੀਆਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਹਾਲੇ ਤਕ ਸਥਾਨਕ ਲੀਡਰਸ਼ਿਪ ਨੂੰ ਹੀ ਅੱਗੇ ਰੱਖਿਆ ਹੈ ਤੇ ਪੰਜਾਬ ਵਾਂਗ ਬਾਹਰੀ ਲੋਕਾਂ ਹੱਥ ਚੋਣਾਂ ਤੇ ਪਾਰਟੀ ਦੇ ਅਹਿਮ ਫੈਸਲਿਆਂ ਦਾ ਰਿਮੋਰਟ ਕੰਟਰੋਲ ਨਹੀਂ ਸੌਂਪਿਆ ਹੈ। ਸਥਾਨਕ ਲੀਡਰ ਵੀ ਚੋਣ ਮੁਹਿੰਮ ਨੂੰ ਆਪਣੇ ਹਿਸਾਬ ਨਾਲ ਅੱਗੇ ਤੋਰ ਰਹੇ ਹਨ।
ਹਰਿਆਣਾ 'ਆਪ' ਦੇ ਪ੍ਰਧਾਨ ਨਵੀਨ ਜੈਹਿੰਦ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਚੋਣਾਂ ਦੀ ਪੂਰੀ ਤਿਆਰੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਅਸੀਂ 'ਸੀਬੀਆਈ' ਯਾਨੀ ਕਾਂਗਰਸ, ਬੀਜੇਪੀ ਤੇ ਇਨੈਲੋ ਨੂੰ ਸੂਬੇ ਵਿੱਚੋਂ ਬਾਹਰ ਕਰਨਾ ਹੈ। ਸੂਬੇ ਦੀ 10 ਮੈਂਬਰੀ ਕਾਰਜਕਾਰਨੀ ਦੀ ਅਗਵਾਈ ਵੀ ਜੈਹਿੰਦ ਹੀ ਕਰ ਰਹੇ ਹਨ। ਹੁਣ ਹਰ ਲੋਕ ਸਭਾ ਹਲਕੇ ਲਈ ਚੋਣ ਨਿਗਰਾਨ ਹੀ ਉੱਪਰੋਂ ਲਾਏ ਜਾਣਗੇ ਜੋ ਨਾ ਸਿਰਫ ਦਿੱਲੀ ਹਾਈਕਮਾਂਡ ਬਲਕਿ ਸੂਬੇ ਦੀ ਸ਼ਕਤੀਸ਼ਾਲੀ ਕਾਰਜਕਾਰਨੀ ਨੂੰ ਵੀ ਜਵਾਬਦੇਹ ਹੋਣਗੇ।
'ਆਪ' ਦੇ ਸੂਬਾਈ ਬੁਲਾਰੇ ਸੁਧੀਰ ਯਾਦਵ ਨੇ ਦੱਸਿਆ ਹੈ ਕਿ ਦਿੱਲੀ ਵਾਲੇ ਆਬਜ਼ਰਵਰ ਇੱਕ ਕਿਸਮ ਨਾਲ ਅਦ੍ਰਿਸ਼ ਹੋ ਕੇ ਕੰਮ ਕਰਨਗੇ। ਇਸ ਦਾ ਮਤਲਬ ਲੋਕਾਂ ਦਾ ਰਾਬਤਾ ਸਿੱਧਾ ਸਥਾਨਕ ਲੀਡਰਾਂ ਨਾਲ ਹੀ ਹੋਵੇਗਾ। ਯਾਦਵ ਨੇ ਦੱਸਿਆ ਕਿ ਦਿੱਲੀ ਦੇ ਨਿਗਰਾਨ ਤੋਂ ਇਲਾਵਾ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਪਾਰਲੀਮਾਨੀ ਸੰਗਠਨ ਮੰਤਰੀ ਤੇ ਪਾਰਲੀਮਾਨੀ ਸੀਟ ਪ੍ਰਧਾਨ ਹੋਣਗੇ।
ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨ, ਵਿਧਾਨ ਸਭਾ ਸੰਗਠਨ ਮੰਤਰਰੀ ਤੇ ਵਿਧਾਨ ਸਭਾ ਪ੍ਰਧਾਨ ਹਨ। ਯਾਦਵ ਨੇ ਦੱਸਿਆ ਕਿ ਇਸ ਵਾਰ ਮੂਲ ਰੂਪ ਤੋਂ ਹਰਿਆਣਾ ਦੇ ਵਾਸੀ ਪਰ ਦਿੱਲੀ ਦੇ ਵਿਧਾਇਕਾਂ ਜਾਂ ਮੰਤਰੀਆਂ ਨੂੰ ਸਕਿਆਂ ਤੇ ਪਛਾਣ ਵਾਲਿਆਂ ਨੂੰ ਪਾਰਟੀ ਨਾਲ ਜੋੜਣ ਲਈ ਅਪੀਲ ਵੀ ਕੀਤੀ ਗਈ ਹੈ। ਖ਼ੁਦਮੁਖ਼ਤਿਆਰੀ ਵਾਲੀ ਭਾਵਨਾ ਮਿਲਣ ਤੋਂ ਬਾਅਦ ਉਨ੍ਹਾਂ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ 'ਪੱਛੜੀ' 'ਆਪ' ਦੀ ਕੌਮੀ ਲੀਡਰਸ਼ਿਪ ਹਰਿਆਣਾ ਵਿੱਚ ਭਾਸ਼ਾ ਤੇ ਭੌਤਿਕ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਚੰਗਾ ਪ੍ਰਦਰਸ਼ਨ ਕਰੇਗੀ।