ਮੁੰਬਈ: ਪੰਜਾਬ ਤੇ ਮਹਾਰਾਸ਼ਟਰ ਸਣੇ ਦੇਸ਼ ਦੇ ਅੱਠ ਸੂਬਿਆਂ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਸਭ ਤੋਂ ਮਾੜੀ ਹਾਲਤ ਮਹਾਰਾਸ਼ਟਰ ਦੀ ਹੈ। ਇਸ ਲਈ ਇੱਥੇ ਮੁੜ ਲੌਕਡਾਉਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਮੁੱਖ ਮੰਤਰੀ ਊਧਵ ਠਾਕਰੇ ਨੇ ਐਤਵਾਰ ਨੂੰ ਰਾਜ ਵਿੱਚ ਕੋਵਿਡ-19 ਬਾਰੇ ਟਾਸਕ ਫ਼ੋਰਸ ਦੀ ਸਿਫ਼ਾਰਸ਼ ’ਤੇ ਲੌਕਡਾਊਨ ਲਾਗੂ ਕਰਨ ਲਈ ਅਜਿਹੀ ਯੋਜਨਾ ਤਿਆਰ ਕਰਨ ਦੀ ਹਦਾਇਤ ਦਿੱਤੀ ਹੈ, ਜਿਸ ਨਾਲ ਅਰਥਵਿਵਸਥਾ ਘੱਟ ਤੋਂ ਘੱਟ ਪ੍ਰਭਾਵਿਤ ਹੋਵੇ।

 

ਮੁੱਖ ਮੰਤਰੀ ਤੇ ਸਿਹਤ ਮੰਤਰੀ ਰਾਜੇਸ਼ ਟੋਪੇ ਤੋਂ ਇਲਾਵਾ ਹੋਰ ਅਧਿਕਾਰੀਆਂ ਨਾਲ ਹੋਈ ਮੀਟਿੰਗ ’ਚ ਟਾਸਕ ਫ਼ੋਰਸ ਦੇ ਮੈਂਬਰਾਂ ਨੇ ਅਗਲੇ 24 ਘੰਟਿਆਂ ’ਚ ਰਾਜ ਵਿੱਚ 40,000 ਨਵੇਂ ਮਾਮਲੇ ਸਾਹਮਣੇ ਆਉਣ ਦਾ ਖ਼ਦਸ਼ਾ ਪ੍ਰਗਟਾਇਆ। ਇਸ ਦੌਰਾਨ ਰਾਜ ਦੇ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਡਾ. ਪ੍ਰਦੀਪ ਵਿਆਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਬਿਸਤਰਿਆਂ ਦੀ ਗਿਣਤੀ, ਆਕਸੀਜਨ ਦੀ ਸਪਲਾਈ ਤੇ ਵੈਂਟੀਲੇਟਰ ਉੱਤੇ ਭਾਰੀ ਦਬਾਅ ਹੋਵੇਗਾ ਤੇ ਜੇ ਮਾਮਲਿਆਂ ਦੀ ਗਿਣਤੀ ਵਧਦੀ ਹੈ, ਤਾਂ ਇਨ੍ਹਾਂ ਦੀ ਕਮੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

 

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕੋਵਿਡ-19 ਤੋਂ ਪੀੜਤਾਂ ਦੇ ਇਲਾਜ ਲਈ ਰਾਜ ਵਿੱਚ ਬਿਸਤਰਿਆਂ, ਦਵਾਈਆਂ ਤੇ ਆਕਸੀਜਨ ਦੀ ਉਪਲਬਧਤਾ ਸਮੇਤ ਹੋਰ ਸਿਹਤ ਸਬੰਧੀ ਤਿਆਰੀਆਂ ਦੀ ਸਮੀਖਿਆ ਕੀਤੀ। ਟਾਸਕ ਫ਼ੋਰਸ ਨੇ ਮਹਾਮਾਰੀ ਦੀ ਲਾਗ ਵਧਣ ਤੋਂ ਰੋਕਥਾਮ ਲਈ ਰਾਜ ਵਿੱਚ ਸਖ਼ਤ ਲੌਕਡਾਊਨ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ।

 
ਬਾਅਦ ’ਚ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਲੌਕਡਾਊਨ ਲਾਗੂ ਕਰਨ ਦੇ ਸਬੰਧ ਵਿੱਚ ਅਜਿਹੀ ਵਿਸਤ੍ਰਿਤ ਯੋਜਨਾ ਤਿਆਰ ਕਰਨ ਦੀ ਹਦਾਇਤ ਕੀਤੀ; ਜਿਸ ਨਾਲ ਅਰਥਵਿਵਸਥਾ ਘੱਟ ਤੋਂ ਘੱਟ ਪ੍ਰਭਾਵਿਤ ਹੋਵੇ। ਮੁੱਖ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਲੌਕਡਾਊਨ ਦਾ ਐਲਾਨ ਹੋਣ ਉੱਤੇ ਲੋਕਾਂ ਵਿਚਾਲੇ ਕਿਸੇ ਤਰ੍ਹਾਂ ਦਾ ਭੰਬਲਭੂਸਾ ਨਹੀਂ ਉੱਸਰਨਾ ਚਾਹੀਦਾ।

 

ਉੱਧਰ ਸਿਹਤ ਵਿਭਾਗ ਨੇ ਕੋਵਿਡ-19 ਦੇ ਵਧਦੇ ਮਾਮਲਿਆਂ ਨੂੰ ਲੈ ਕੇ ਜਨਤਾ ਵੱਲੋਂ ਦੇਰੀ ਨਾਲ ਪ੍ਰੀਖਣ ਕੀਤੇ ਜਾਣ ਨੂੰ ਜ਼ਿੰਮੇਵਾਰ ਠਹਿਰਾਇਆ। ਡਾ. ਵਿਆਸ ਨੇ ਦੱਸਿਆ ਕਿ 3.57 ਲੱਖ ਆਈਸੋਲੇਸ਼ਨ ਬਿਸਤਰਿਆਂ ਵਿੱਚੋਂ 1 ਲੱਖ 7 ਹਜ਼ਾਰ ਬੈੱਡ ਭਰ ਗਏ ਹਨ। ਬਾਕੀ ਵੀ ਤੇਜ਼ੀ ਨਾਲ ਭਰਦੇ ਜਾ ਰਹੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ