ਕੇਜਰੀਵਾਲ ਦਿੱਲੀ ਦੇ ਮੋਤੀ ਨਗਰ ਇਲਾਕੇ ਵਿੱਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਤੇ ਰੋਡ ਸ਼ੋਅ ਕਰ ਰਹੇ ਸਨ। ਇਸੇ ਦੌਰਾਨ ਲਾਲ ਟੀ-ਸ਼ਰਟ ਪਹਿਨੀ ਇੱਕ ਨੌਜਵਾਨ ਕੇਜਰੀਵਾਲ ਦੀ ਖੁੱਲ੍ਹੀ ਗੱਡੀ 'ਤੇ ਚੜ੍ਹਦਾ ਹੈ ਤੇ ਬੜੀ ਤੇਜ਼ੀ ਨਾਲ ਕੇਜਰੀਵਾਲ 'ਤੇ ਹਮਲਾ ਕਰਦਾ ਹੈ। ਬਾਅਦ ਵਿੱਚ ਨੌਜਵਾਨ ਨੂੰ ਕੇਜਰੀਵਾਲ ਦੇ ਸਮਰਥਕਾਂ ਨੇ ਘੇਰ ਲਿਆ ਤੇ ਚੰਗੀ ਭੁਗਤ ਸਵਾਰੀ।
ਮੁੱਖ ਮੰਤਰੀ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਉਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਉਸ ਦਾ ਨਾਂ ਸੁਰੇਸ਼ ਦੱਸਿਆ ਜਾ ਰਿਹਾ ਹੈ। ਉਹ ਦਿੱਲੀ ਦੇ ਕੈਲਾਸ਼ ਪਾਰਕ ਇਲਾਕੇ ਦਾ ਹੀ ਰਹਿਣ ਵਾਲਾ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਨੇ ਇਸ ਲਈ ਸਿੱਧੇ ਤੌਰ 'ਤੇ ਪੀਐਮ ਮੋਦੀ ਤੇ ਅਮਿਤ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਕੀ ਮੋਦੀ ਤੇ ਅਮਿਤ ਸ਼ਾਹ ਹੁਣ ਕੇਜਰੀਵਾਲ ਦਾ ਕਤਲ ਕਰਵਾਉਣਾ ਚਾਹੁੰਦੇ ਹਨ? ਉਨ੍ਹਾਂ ਲਿਖਿਆ ਕਿ ਕੇਜਰੀਵਾਲ ਹੀ ਉਨ੍ਹਾਂ ਦਾ ਕਾਲ ਹੈ।
ਉੱਧਰ ਦਿੱਲੀ ਕਾਂਗਰਸ ਦੇ ਬੁਲਾਰਾ ਜਿਤੇਂਦਰ ਕੋਚਰ ਨੇ ਕਿਹਾ ਕਿ ਇਹ ਘਟਨਾ ਕੇਜਰੀਵਾਲ ਨੇ ਹੀ ਰਚੀ ਹੋਈ ਹੈ ਤਾਂਕਿ ਉਨ੍ਹਾਂ ਨੂੰ ਦਿੱਲੀ ਵਾਸੀਆਂ ਦੀ ਹਮਦਰਦੀ ਮਿਲ ਸਕੇ। ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਦੀ ਪੁਰਾਣੀ ਚਾਲ ਹੈ। ਹਮਲੇ ਪਹਿਲਾਂ ਵੀ ਕਰਵਾਉਂਦੇ ਹਨ।