ਲਖਨਊ: ਚੋਣ ਮਾਹੌਲ ਵਿੱਚ ਬਸਪਾ ਮੁਖੀ ਮਾਇਆਵਤੀ ਨੇ ਪੀਐਮ ਮੋਦੀ 'ਤੇ ਉਨ੍ਹਾਂ ਦੀ ਜਾਤ ਸਬੰਧੀ ਤਿੱਖਾ ਹਮਲਾ ਕੀਤਾ ਹੈ। ਮਾਇਆਵਤੀ ਨੇ ਕਿਹਾ ਕਿ ਪੀਐਮ ਮੋਦੀ ਉੱਚੀ ਜਾਤੀ ਵਿੱਚ ਆਉਂਦੇ ਸੀ, ਪਰ ਗੁਜਰਾਤ ਵਿੱਚ ਆਪਣੀ ਸਰਕਾਰ ਦੇ ਚੱਲਦਿਆਂ ਸਿਆਸੀ ਲਾਹੇ ਲਈ ਉਨ੍ਹਾਂ ਆਪਣੀ ਜਾਤੀ ਨੂੰ ਪੱਛੜੇ ਵਰਗ ਵਿੱਚ ਸ਼ਾਮਲ ਕਰ ਲਿਆ। ਪੀਐਮ ਮੋਦੀ ਨੇ ਪੱਛੜਿਆਂ ਦਾ ਹੱਕ ਮਾਰਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ, ਮੁਲਾਇਮ ਸਿੰਘ ਯਾਦਵ ਤੇ ਅਖਿਲੇਸ਼ ਯਾਦਵ ਵਾਂਗ ਜਨਮ ਤੋਂ ਪੱਛੜੇ ਵਰਗ ਦੇ ਨਹੀਂ ਹਨ।


ਪੀਐਮ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਮਾਇਆਵਤੀ ਨੇ ਕਿਹਾ ਕਿ ਪਹਿਲਾਂ ਉਹ ਉੱਚੀ ਜਾਤੀ ਦੇ ਸੀ ਪਰ ਬਾਅਦ ਵਿੱਚ ਪੱਛੜੀ ਜਾਤੀ 'ਚ ਸ਼ਾਮਲ ਹੋਏ। ਕਨੌਜ ਵਿੱਚ ਮੋਦੀ ਨੇ ਕਿਹਾ ਕਿ ਸੀ ਕਿ ਪੱਛੜੇ ਵਰਗ ਨਾਲ ਸਬੰਧਿਤ ਹੋਣ ਦੀ ਵਜ੍ਹਾ ਕਰਕੇ ਵਿਰੋਧੀ ਉਨ੍ਹਾਂ ਨੂੰ ਨੀਚਾ ਦਿਖਾਉਂਦੇ ਹਨ, ਭੈਣਜੀ (ਮਾਇਆਵਤੀ) ਤੇ ਅਖਿਲੇਸ਼ ਨੇ ਵੀ ਉਨ੍ਹਾਂ ਨੂੰ ਨੀਚ ਕਿਹਾ। ਮਾਇਆਵਤੀ ਨੇ ਕਿਹਾ ਕਿ ਮੋਦੀ ਦਾ ਇਹ ਇਲਜ਼ਾਮ ਕਾਫੀ ਸ਼ਰਾਰਤ ਭਰਿਆ ਤੇ ਤੱਥਾਂ ਤੋਂ ਬਿਲਕੁਲ ਪਰ੍ਹੇ ਲੱਗਦਾ ਹੈ। ਉਨ੍ਹਾਂ ਮੋਦੀ ਨੂੰ ਕਦੇ ਨੀਚ ਨਹੀਂ ਕਿਹਾ।

ਮਾਇਆਵਤੀ ਨੇ ਕਿਹਾ ਕਿ ਇਸ ਤੋਂ ਉਹ ਇਹ ਤਾਂ ਮੰਨ ਕੇ ਚੱਲ ਸਕਦੇ ਹਨ ਕਿ ਆਪਣੀਆਂ ਨਜ਼ਰਾਂ ਵਿੱਚ ਉੱਚੀ ਜਾਤੀ ਵਾਲੇ ਸਮਾਜ ਨੂੰ ਵੀ ਉਹ ਨੀਚਾ ਸਮਝਣ ਲੱਗੇ ਹਨ। ਉਨ੍ਹਾਂ ਕਿਹਾ ਕਿ ਮੋਦੀ ਤੇ ਉਨ੍ਹਾਂ ਦੀ ਬੀਜੇਪੀ ਪਾਰਟੀ ਵੀ ਦਲਿਤ ਸਮਾਜ ਨੂੰ ਨੀਚ ਮੰਨ ਕੇ ਚੱਲਦੀ ਹੈ। ਮੋਦੀ ਕਦੀ ਵੀ ਅਤਿਪੱਛੜਿਆਂ ਦੇ ਸੱਚੇ ਹਿਤੈਸ਼ੀ ਸਾਬਿਤ ਨਹੀਂ ਹੋਏ। ਇੱਥੇ ਉਨ੍ਹਾਂ ਹੈਦਰਾਬਾਦ ਦੇ ਰੋਹਿਤ ਕਾਂਡ ਤੇ ਊਨਾ ਕਾਂਡ ਦੀ ਮਿਸਾਲ ਦਿੱਤੀ।