ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਬੀਜੇਪੀ ਨੇ ਆਪਣੇ ਉਮੀਦਵਾਰਾਂ ਦੀਆਂ ਤਿੰਨ ਲਿਸਟਾਂ ਜਾਰੀ ਕਰ ਦਿੱਤੀਆਂ ਹਨ। ਹਾਲੇ ਤਕ ਕੁੱਲ 221 ਉਮੀਦਵਾਰ ਐਲਾਨੇ ਗਏ ਹਨ। ਇਸੇ ਦੌਰਾਨ ਬੀਜੇਪੀ ਨੇ ਕੁਝ ਵੱਡੇ ਲੀਡਰਾਂ ਨੂੰ ਲੋਕ ਸਭਾ ਚੋਣਾਂ ਨਾ ਲੜਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ, ਉਮਾ ਭਾਰਤੀ, ਪਾਰਟੀ ਦੇ ਸੀਨੀਅਰ ਲੀਡਰ ਕਲਰਾਜ ਮਿਸ਼ਰ ਤੇ ਪਰੇਸ਼ ਰਾਵਲ ਸ਼ਾਮਲ ਹਨ। ਇਸ ਦੇ ਨਾਲ ਹੀ ਪਾਰਟੀ ਨੇ ਪਟਨਾ ਸਾਹਿਬ ਤੋਂ ਸਾਂਸਦ ਸ਼ਤਰੂਘਨ ਸਿਨ੍ਹਾ ਤੇ ਸ਼ਹਨਵਾਜ਼ ਹੁਸੈਨ ਦੀ ਟਿਕਟ ਕੱਟ ਦਿੱਤੀ ਹੈ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਕੁਝ ਹੋਰ ਵੱਡੇ ਲੀਡਰਾਂ ਦੀ ਵੀ ਟਿਕਟ ਕੱਟ ਸਕਦੀ ਹੈ। ਇਨ੍ਹਾਂ ਵਿੱਚ ਕਾਨਪੁਰ ਤੋਂ ਸਾਂਸਦ ਮੁਰਲੀ ਮਨੋਹਰ ਜੋਸ਼ੀ, ਉੱਤਰਾਖੰਡ ਦੇ ਗੜਵਾਲ ਤੋਂ ਸਾਂਸਦ ਤੇ ਸਾਬਕਾ ਮੁੱਖ ਮੰਤਰੀ ਬੀਸੀ ਖੰਡੁਰੀ ਸ਼ਾਮਲ ਹਨ। ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਵੀ ਲੋਕ ਸਭਾ ਨਾ ਲੜਨ ਦੇ ਸੰਕੇਤ ਦਿੱਤੇ ਹਨ।
ਉੱਧਰ ਬੀਜੇਪੀ ਦੇ ਅੰਦਰ ਲੋਕ ਸਭਾ ਸੀਟਾਂ ’ਤੇ ਉਮੀਦਵਾਰਾਂ ਦੇ ਨਾਂ ਤੈਅ ਕਰਨ ਲਈ ਲਗਾਤਾਰ ਪਾਰਟੀ ਦੀ ਕੇਂਦਰੀ ਕਮੇਟੀ ਦੀ ਬੈਠਕ ਹੋ ਰਹੀ ਹੈ। ਬੀਤੀ ਰਾਤ ਪਾਰਟੀ ਨੇ 36 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ। ਸ਼ੁੱਕਰਵਾਰ ਨੂੰ ਜਾਰੀ ਕੀਤੀ ਲਿਸਟ ਮੁਤਾਬਕ ਬੀਜੇਪੀ ਬੁਲਾਰਾ ਸੰਬਿਤ ਪਾਤਰਾ ਉੜੀਸਾ ਦੇ ਪੁਰੀ ਤੋਂ ਲੋਕ ਸਭਾ ਚੋਣ ਲੜਨਗੇ।
ਬੀਜੇਪੀ ਦੀ ਪਹਿਲੀ ਲਿਸਟ ਵਿੱਚ 184 ਸਾਂਸਦ, ਦੂਜੀ ਲਿਸਟ ਵਿੱਚ ਇੱਕ ਸੀਟ ਤੇ ਤੀਜੀ ਲਿਸਟ ਵਿੱਚ ਬੀਤੀ ਰਾਤ 36 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ਹੋਰ ਸੀਟਾਂ ’ਤੇ ਵੀ ਪਾਰਟੀ ਜਲਦ ਨਾਵਾਂ ਦਾ ਐਲਾਨ ਕਰ ਸਕਦੀ ਹੈ। ਬਿਹਾਰ ਐਨਡੀਏ ਨੇ ਵੀ ਅੱਜ 39 ਉਮੀਦਵਾਰਾਂ ਦੇ ਨਾਂ ਐਲਾਨੇ ਹਨ।