ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਬੀਐਸਪੀ ਸੁਪਰੀਮੋ ਮਾਇਆਵਤੀ ਦੇ ਫਿਰਕੂ ਬਿਆਨਾਂ ਸਬੰਧੀ ਸਖ਼ਤ ਕਾਰਵਾਈ ਕੀਤੀ ਹੈ। ਕਮਿਸ਼ਨ ਨੇ ਯੋਗੀ ਆਦਿੱਤਿਆਨਾਥ 'ਤੇ ਤਿੰਨ ਦਿਨ ਤੇ ਮਾਇਆਵਤੀ 'ਤੇ ਦੋ ਦਿਨਾਂ ਲਈ ਚੋਣ ਪ੍ਰਚਾਰ, ਭਾਸ਼ਣ ਤੇ ਬਿਆਨਬਾਜ਼ੀ ਕਰਨ 'ਤੇ ਰੋਕ ਲਾ ਦਿੱਤੀ ਹੈ। ਦੋਵਾਂ ਲੀਡਰਾਂ 'ਤੇ ਚੋਣ ਕਮਿਸ਼ਨ ਦਾ ਪ੍ਰਤੀਬਿੰਬ 16 ਅਪਰੈਲ 6 ਵਜੇ ਤੋਂ ਲਾਗੂ ਹੋਏਗਾ।


ਦੱਸ ਦੇਈਏ ਚੋਣ ਕਮਿਸ਼ਨ ਨੇ ਦੋਵਾਂ ਲੀਡਰਾਂ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਇਲਜ਼ਾਮ ਵਿੱਚ ਦੋਸ਼ੀ ਪਾਇਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 'ਤੇ 72 ਘੰਟਿਆਂ ਲਈ ਚੋਣ ਮੁਹਿੰਮ ਕਰਨ 'ਤੇ ਪਾਬੰਧੀ ਲਾਈ ਗਈ ਹੈ। ਕੱਲ੍ਹ ਸਵੇਰੇ 6 ਵਜੇ ਤੋਂ ਬਾਅਦ ਉਹ ਕਿਸੇ ਤਰ੍ਹਾਂ ਦੇ ਰੋਡ ਸ਼ੋਅ, ਚੋਣ ਪ੍ਰਚਾਰ ਜਾਂ ਇੰਟਰਵਿਊ ਨਹੀਂ ਦੇ ਸਕਣਗੇ। 48 ਘੰਟਿਆਂ ਲਈ ਠੀਕ ਇਸੇ ਤਰ੍ਹਾਂ ਦੀ ਪਾਬੰਦੀ ਮਾਇਆਵਤੀ 'ਤੇ ਵੀ ਲਾਈ ਗਈ ਹੈ।

ਯਾਦ ਰਹੇ ਮਾਇਆਵਤੀ ਨੇ ਪਹਿਲੇ ਗੇੜ ਦੀਆਂ ਚੋਣਾਂ ਤੋਂ ਸਹਾਰਨਪੁਰ ਵਿੱਚ ਰੈਲੀ ਦੌਰਾਨ 7 ਅਪਰੈਲ ਨੂੰ ਮੁਸਲਮਾਨਾਂ ਦੀ ਵੋਟ ਸਬੰਧੀ ਫਿਰਕੂ ਬਿਆਨ ਦਿੱਤਾ ਸੀ। ਇਸੇ ਤਰ੍ਹਾਂ ਯੋਗੀ ਆਦਿੱਤਿਆਨਾਥ ਨੇ ਵੀ 9 ਅਪਰੈਲ ਨੂੰ ਆਪਣੀ ਰੈਲੀ ਦੌਰਾਨ ਫਿਰਕੂ ਬਿਆਨ ਦਿੱਤਾ ਸੀ। ਚੋਣ ਕਮਿਸ਼ਨ ਕੋਲ ਦੋਵਾਂ ਲੀਡਰਾਂ ਦੀ ਸ਼ਿਕਾਇਤ ਪੁੱਜੀ ਸੀ।