ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਬੀਜੇਪੀ ਦੇ ਫਾਇਰਬਰਾਂਡ ਲੀਡਰ ਯੋਗੀ ਆਦਿੱਤਿਆਨਾਥ ਨੇ ਚੋਣ ਕਮਿਸ਼ਨ ਦਾ ਕਾਰਵਾਈ ਦਾ ਤੋੜ ਕੱਢ ਲਿਆ ਹੈ। ਅੱਜ ਉਨ੍ਹਾਂ ਲਖਨਊ ਦੇ ਹਨੂਮਾਨ ਸੇਤੂ 'ਤੇ ਬਜਰੰਗ ਬਲੀ ਦੇ ਮੰਦਰ ਵਿੱਚ ਪੂਜਾ ਕੀਤੀ। ਇੱਥੇ ਉਨ੍ਹਾਂ ਕਰੀਬ 20 ਮਿੰਟ ਦਾ ਸਮਾਂ ਬਿਤਾਇਆ ਤੇ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ।


ਦੱਸ ਦਏਏ ਬੀਤੇ ਦਿਨ ਚੋਣ ਕਮਿਸ਼ਨ ਨੇ ਵਿਵਾਦਿਤ ਬਿਆਨਬਾਜ਼ੀ ਲਈ ਉਨ੍ਹਾਂ 'ਤੇ 72 ਘੰਟਿਆਂ ਦੀ ਪੰਬਾਧੀ ਲਾਈ ਸੀ। ਉਨ੍ਹਾਂ ਦੇ ਨਾਲ-ਨਾਲ ਮਾਇਆਵਤੀ, ਮੇਨਕਾ ਗਾਂਧੀ ਤੇ ਅੱਜ ਅਜ਼ਮ ਖ਼ਾਨ 'ਤੇ ਵੀ ਇਹੀ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਲੀਡਰਾਂ 'ਤੇ ਕਿਸੇ ਵੀ ਤਰ੍ਹਾਂ ਦਾ ਚੋਣ ਪ੍ਰਚਾਰ ਕਰਨ 'ਤੇ ਰੋਕ ਲਾਈ ਗਈ ਹੈ।

ਮੰਦਰ ਵਿੱਚ ਰਹਿਣ ਦੌਰਾਨ ਸੀਐਮ ਯੋਗੀ ਨੇ ਕਿਸੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਬਲਕਿ ਮੁਸਕੁਰਾਉਂਦੇ ਰਹੇ। ਅੱਜ ਲਖਨਊ ਸੀਟ ਤੋਂ ਬੀਜੇਪੀ ਉਮੀਦਵਾਰ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਆਪਣੇ ਨਾਮਜ਼ਦਗੀ ਭਰਨੀ ਹੈ ਪਰ ਮੁੱਖ ਮੰਤਰੀ ਯੋਗੀ ਇਸ ਦੌਰਾਨ ਹਾਜ਼ਰ ਨਹੀਂ ਰਹਿਣਗੇ। ਬਲਕਿ ਯੋਗੀ ਅੱਜ ਕਈ ਹੋਰ ਹਨੂਮਾਨ ਮੰਦਰਾਂ ਦਾ ਦੌਰਾ ਕਰਨਗੇ।

ਦੱਸ ਦੇਈਏ ਚੋਣ ਕਮਿਸ਼ਨ ਦਾ ਕਾਰਵਾਈ ਕਰਕੇ ਯੋਗੀ ਅੱਜ ਸਵੇਰੇ 6 ਵਜੇ ਤੋਂ ਕਿਸੇ ਵੀ ਰੈਲੀ, ਰੋਡ ਸ਼ੋਅ ਆਦਿ ਵਿੱਚ ਤਾਂ ਨਹੀਂ ਜਾ ਸਕਦੇ ਤੇ ਨਾ ਹੀ ਸੋਸ਼ਲ ਮੀਡੀਆ ਜ਼ਰੀਏ ਚੋਣ ਪ੍ਰਚਾਰ ਕਰ ਸਕਦੇ ਹਨ ਪਰ ਉਨ੍ਹਾਂ ਨੇ ਮੰਦਰਾਂ ਵਿੱਚ ਜਾ ਕੇ ਭਗਵਾਨ ਦੀ ਪੂਜਾ ਕਰਨ ਦਾ ਫੈਸਲਾ ਲੈ ਲਿਆ ਹੈ। ਚੋਣ ਕਮਿਸ਼ਨ ਉਨ੍ਹਾਂ ਦੇ ਮੰਦਰ ਜਾਣ 'ਤੇ ਰੋਕ ਨਹੀਂ ਲਾ ਸਕਦਾ।