Lottry Ticket : ਕੇਰਲ ਦੇ ਇਕ 68 ਸਾਲਾ ਪੇਂਟਰ ਦੀ ਕਿਸਮਤ ਕੁਝ ਹੀ ਮਿੰਟਾਂ 'ਚ ਚਮਕ ਗਈ ਤੇ ਉਹ ਕਰੋੜਪਤੀ ਬਣ ਗਿਆ। ਦਰਅਸਲ ਕੇਰਲ ਦੇ ਰਹਿਣ ਵਾਲੇ ਸਦਾਨੰਦਨ ਨੇ ਲਾਟਰੀ ਦੀ ਟਿਕਟ ਪੈਸੇ ਖੁੱਲ੍ਹੇ ਕਰਵਾਉਣ ਲਈ ਖਰੀਦੀ ਸੀ ਤੇ ਉਸ ਨੂੰ 12 ਕਰੋੜ ਦਾ ਜੈਕਪਾਟ ਮਿਲਿਆ ਸੀ। ਕੋਰੋਨਾ ਦੌਰ ਦੌਰਾਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਸਦਾਨੰਦਨ ਲਈ ਇਹ ਵਿਸ਼ਵਾਸ ਕਰਨਾ ਮੁਸ਼ਕਲ ਸੀ ਕਿ ਉਨ੍ਹਾਂ ਨੂੰ 12 ਕਰੋੜ ਦੀ ਲਾਟਰੀ ਲੱਗ ਗਈ ਹੈ।

ਕੇਰਲ ਦੇ ਅਯਮਨਮ ਦੇ ਕੁਦਾਯਮਪਾੜੀ ਦੇ ਰਹਿਣ ਵਾਲੇ ਪੇਂਟਰ ਸਦਾਨੰਦਨ ਨੇ ਐਤਵਾਰ ਸਵੇਰੇ 300 ਰੁਪਏ ਦੀ ਲਾਟਰੀ ਟਿਕਟ ਖਰੀਦੀ। ਉਹ ਸਾਮਾਨ ਖਰੀਦਣ ਲਈ ਸਵੇਰੇ ਘਰੋਂ ਨਿਕਲਿਆ ਸੀ ਤੇ ਪੈਸੇ ਖੁੱਲ੍ਹੇ ਨਾ ਹੋਣ ਕਾਰਨ ਉਸ ਨੇ ਲਾਟਰੀ ਦੀ ਟਿਕਟ ਖਰੀਦੀ ਸੀ। ਉਸ ਨੇ ਇਹ ਟਿਕਟ ਲਾਟਰੀ ਦੇ ਡਰਾਅ ਤੋਂ ਕੁਝ ਘੰਟੇ ਪਹਿਲਾਂ ਹੀ ਖਰੀਦੀ ਤੇ ਕੁਝ ਹੀ ਘੰਟਿਆਂ ਵਿਚ ਸਦਾਨੰਦਨ ਕਰੋੜਪਤੀ ਬਣ ਗਿਆ।

ਸਦਾਨੰਦਨ ਦੇ ਅਨੁਸਾਰ ਉਸ ਨੇ ਇੱਕ ਸਥਾਨਕ ਲਾਟਰੀ ਵਿਕਰੇਤਾ ਸੇਲਵਾਨ ਤੋਂ ਲਾਟਰੀ ਟਿਕਟਾਂ ਖਰੀਦਣ ਦਾ ਫੈਸਲਾ ਕੀਤਾ, ਤਾਂ ਜੋ ਉਸਦੇ 500 ਦੇ ਨੋਟਾਂ ਦਾ ਚੇਂਜ ਮਿਲ  ਸਕੇ। ਉਸ ਨੇ ਦੱਸਿਆ, 'ਮੈਂ ਨੇੜਲੇ ਮੀਟ ਸਟਾਲ 'ਤੇ ਜਾ ਰਿਹਾ ਸੀ ਅਤੇ ਪੈਸੇ ਖੁੱਲ੍ਹੇ ਕਰਵਾਉਣ ਲਈ ਕੋਈ ਦੁਕਾਨ ਲੱਭ ਰਿਹਾ ਸੀ। ਦੁਪਹਿਰ ਤਕ ਨਤੀਜੇ ਐਲਾਨੇ ਜਾਣ ਕਾਰਨ ਮੈਨੂੰ ਆਪਣੀ ਕਿਸਮਤ 'ਤੇ ਯਕੀਨ ਨਹੀਂ ਆ ਰਿਹਾ ਸੀ।

ਸਦਾਨੰਦਨ ਦਾ ਕਹਿਣਾ ਹੈ ਕਿ ਉਹ ਪੇਂਟਿੰਗ ਦਾ ਕੰਮ ਕਰਦਾ ਹੈ ਅਤੇ ਮਹਾਮਾਰੀ ਤੋਂ ਬਾਅਦ ਉਸ ਦੀ ਜ਼ਿੰਦਗੀ ਸੰਘਰਸ਼ 'ਚੋਂ ਲੰਘ ਰਹੀ ਸੀ। ਉਸ ਨੇ ਕਿਹਾ, 'ਮੈਂ ਆਪਣਾ ਇਕ ਬਿਹਤਰ ਘਰ ਬਣਾਉਣਾ ਚਾਹੁੰਦਾ ਹਾਂ ਅਤੇ ਆਪਣੇ ਬੱਚਿਆਂ ਦਾ ਭਵਿੱਖ ਬਣਾਉਣਾ ਚਾਹੁੰਦਾ ਹਾਂ। ਰਕਮ ਖਰਚਣ ਦਾ ਫੈਸਲਾ ਮੇਰੇ ਦੋ ਪੁੱਤਰਾਂ ਸਨੀਸ਼ ਤੇ ਸੰਜੇ ਨਾਲ ਸਲਾਹ ਕਰਕੇ ਲਿਆ ਜਾਵੇਗਾ।

ਸਦਾਨੰਦਨ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਾਟਰੀਆਂ ਖਰੀਦ ਰਿਹਾ ਹੈ। ਇਸ ਦੌਰਾਨ ਕਈ ਵਾਰ ਛੋਟੇ-ਮੋਟੇ ਇਨਾਮ ਵੀ ਮਿਲੇ ਤੇ ਕਈ ਵਾਰ ਕੁਝ ਨਹੀਂ ਮਿਲਿਆ। ਪਰ ਸੋਚਿਆ ਵੀ ਨਹੀਂ ਸੀ ਕਿ ਇੰਨਾ ਵੱਡਾ ਇਨਾਮ ਨਿਕਲੇਗਾ। ਸਦਾਨੰਦਨ ਦਾ ਇਹ ਜੈਕਪਾਟ ਰਾਜ ਸਰਕਾਰ ਦੀ 'ਕ੍ਰਿਸਮਸ-ਨਿਊ ਈਅਰ ਬੰਪਰ ਲਾਟਰੀ' ਦੀ ਟਿਕਟ ਖਰੀਦਣ 'ਤੇ ਖਰਚ ਕੀਤਾ ਗਿਆ ਸੀ। ਇਸ ਲਾਟਰੀ ਦਾ ਦੂਜਾ ਇਨਾਮ 3 ਕਰੋੜ ਰੁਪਏ ਅਤੇ ਤੀਜਾ ਇਨਾਮ 60 ਲੱਖ ਰੁਪਏ ਦਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਕੇਰਲ ਦੇ ਲਾਟਰੀ ਵਿਭਾਗ ਨੇ ਇਸ ਤੋਂ ਪਹਿਲਾਂ 24 ਲੱਖ ਲਾਟਰੀ ਟਿਕਟਾਂ ਛਾਪੀਆਂ ਸਨ। ਸਾਰੀਆਂ ਟਿਕਟਾਂ ਵਿਕਣ ਤੋਂ ਬਾਅਦ 9 ਲੱਖ ਹੋਰ ਟਿਕਟਾਂ ਛਾਪੀਆਂ ਗਈਆਂ ਤੇ ਇਸ ਤੋਂ ਬਾਅਦ 8.34 ਲੱਖ ਹੋਰ ਟਿਕਟਾਂ ਛਾਪੀਆਂ ਗਈਆਂ। ਜਾਣਕਾਰੀ ਅਨੁਸਾਰ ਇੱਥੇ ਪਿਛਲੇ ਸਾਲ ਸਤੰਬਰ ਵਿਚ ਇਕ ਆਟੋ ਚਾਲਕ ਦੀ ਵੀ 12 ਕਰੋੜ ਰੁਪਏ ਦੀ ਲਾਟਰੀ ਲੱਗੀ ਸੀ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904