ਸ਼ਾਜਾਪੁਰ (MP): ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਵਿੱਚ ਮਹਾਰਾਣਾ ਪ੍ਰਤਾਪ ਦੀ ਜੈਯੰਤੀ ’ਤੇ ਕੱਢੇ ਜਲੂਸ ਦੌਰਾਨ ਡੀਜੇ ਵਜਾਉਣ ਸਬੰਧੀ ਦੋ ਗੁੱਟਾਂ ਵਿਚਾਲੇ ਝੜਪ ਹੋ ਗਈ। ਇਸ ਦੇ ਬਾਅਦ ਪ੍ਰਸ਼ਾਸਨ ਨੇ ਪੂਰੇ ਇਲਾਕੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ। ਕੱਲ੍ਹ ਹੋਏ ਵਿਵਾਦ ਨੋ ਹਿੰਸਕ ਰੂਪ ਧਾਰਨ ਕਰ ਲਿਆ। ਪੁਲਿਸ ਮੁਤਾਬਕ ਝੜਪ ਦੌਰਾਨ ਪੰਜ ਗੱਡੀਆਂ ਫੂਕੀਆਂ ਗਈਆਂ ਪਰ ਧਾਰਮਿਕ ਸਥਾਨ ’ਤੇ ਕੋਈ ਨੁਕਸਾਨ ਨਹੀਂ ਹੋਇਆ। ਸਥਿਤੀ ’ਤੇ ਨਿਗਰਾਨੀ ਰੱਖਣ ਲਈ ਸ਼ਹਿਰ ਵਿੱਚ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ।

ਪੁਲਿਸ ਅਧਿਕਾਰੀ ਪਦਮ ਸਿੰਘ ਬਘੇਲ ਨੇ ਦੱਸਿਆ ਕਿ ਸ਼ਾਜਾਪੁਰ ਸ਼ਹਿਰ ਵਿੱਚ ਅੱਜ 144 ਲਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਥਿਤੀ ਕਾਬੂ ਵਿੱਚ ਹੈ। ਪੁਲਿਸ ਨੇ ਹਿੰਸਾ ਰੋਕਣ ਲਈ ਲਾਠੀਚਾਰਜ ਕੀਤਾ ਤੇ ਅੱਥਰੂ ਗੈਸ ਦੇ ਗੋਲ਼ੇ ਵੀ ਛੱਡੇ।

ਹਿੰਸਾ ਉਸ ਵੇਲੇ ਸ਼ੁਰੂ ਹੋਈ ਜਦੋਂ ਕੋਤਵਾਲੀ ਪੁਲਿਸ ਇਲਾਕੇ ਵਿੱਚ ਨਵੀਂ ਸੜਕ ਤੋਂ ਇੱਕ ਜਲੂਸ ਨਿਕਲ ਰਿਹਾ ਸੀ। ਇਸ ’ਤੇ ਕੁਝ ਗ਼ੈਰ ਸਮਾਜੀ ਅਨਸਰਾਂ ਨੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਬਾਅਦ ਦੋਵਾਂ ਗੁੱਟਾਂ ਵਿਚਾਲੇ ਝੜਪ ਹੋ ਗਈ ਤੇ ਲੋਕ ਹਿੰਸਾ ’ਤੇ ਉਤਰ ਆਏ। ਇਸ ਦੌਰਾਨ ਮੋਟਰ ਸਾਈਕਲ ਵੀ ਸਾੜੇ ਗਏ।