ਮੁੰਬਈ: ਮਹਾਰਾਸ਼ਟਰ ਸਰਕਾਰ ਵਿੱਚ ਇੱਕ ਬੀਜੇਪੀ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਐਤਵਾਰ ਨੂੰ ਕਿਹਾ ਕਿ ਸੂਬੇ ਵਿੱਚ ਸ਼ਰਾਬ ਦੀ ਆਨਲਾਈਨ ਵਿਕਰੀ ਤੇ ਹੋਮ ਡਲਿਵਰੀ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਬਿਆਨ ਦੇ ਕੁਝ ਸਮੇਂ ਬਾਅਦ ਹੀ ਮੰਤਰੀ ਨੇ ਆਪਣੇ ਬਿਆਨ ਤੋਂ ਯੂ-ਟਰਨ ਲੈ ਲਿਆ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ਦੀ ਆਨਲਾਈਨ ਵਿਕਰੀ ਜਾਂ ਹੋਮ ਡਿਲੀਵਰੀ ਦੀ ਇਜਾਜ਼ਤ ਦਾ ਸਿਰਫ ਪ੍ਰਸਤਾਵ ਹੀ ਪਾਸ ਕੀਤਾ ਗਿਆ ਹੈ।

ਆਬਕਾਰੀ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਉਹ ਨਸ਼ੇ ਨਾਲ ਟੱਲੀ ਹੋ ਕੇ ਵਾਹਨ ਚਲਾਉਣ ਦੀਆਂ ਘਟਨਾਵਾਂ ਨੂੰ ਰੋਕਣਾ ਚਾਹੁੰਦੇ ਹਨ। ਸ਼ਰਾਬ ਨੂੰ ਘਰ ਤਕ ਪਹੁੰਚਾਉਣ ਨਾਲ ਇਸ ਕੰਮ ’ਚ ਮਦਦ ਮਿਲੇਗੀ। ਮੰਤਰੀ ਨੇ ਇਸ ਫ਼ੈਸਲੇ ਬਾਰੇ ਕੁਝ ਵਿਸਤਾਰ ਨਾਲ ਨਹੀਂ ਦੱਸਿਆ। ਇਸ ਪਿੱਛੋਂ ਵਿਰੋਧੀ ਧਿਰ ਤੇ ਸ਼ਰਾਬ ਦਾ ਵਿਰੋਧ ਕਰਨ ਵਾਲੇ ਕਾਰਕੁਨਾਂ ਨੇ ਇਸ ਐਲਾਨ ਖਿਲਾਫ ਰੋਸ ਪ੍ਰਗਟਾਇਆ ਤਾਂ ਮੰਤਰੀ ਨੇ ਕਿਹਾ ਕਿ ਹਾਲੇ ਇਸ ਸਬੰਧੀ ਸਿਰਫ ਪ੍ਰਸਤਾਵ ਹੀ ਪਾਸ ਕੀਤਾ ਗਿਆ ਹੈ।



ਮੰਤਰੀ ਬਾਵਨਕੁਲੇ ਨੇ ਨਾਗਪੁਰ 'ਚ ਕਿਹਾ ਕਿ ਉਨ੍ਹਾਂ ਨੂੰ ਘਰ ਤੋਂ ਆਨਲਾਈਨ ਸ਼ਰਾਬ ਖਰੀਦਣ ਲਈ ਨੀਤੀ ਬਣਾਉਣ 'ਤੇ ਜ਼ੋਰ ਦੇਣ ਲਈ ਇੱਕ ਅਰਜ਼ੀ ਮਿਲੀ ਸੀ। ਹਾਲਾਂਕਿ, ਸਰਕਾਰ ਨੇ ਇਸ ਬਾਰੇ ਕੁਝ ਨਹੀਂ ਸੋਚਿਆ ਤੇ ਨਾ ਹੀ ਇਸ ਬਾਰੇ ਕੋਈ ਨੀਤੀ ਬਣਾਈ ਗਈ ਹੈ।