ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਸੈਸ਼ਨ ਵਿਚਕਾਰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸੋਮਵਾਰ ਨੂੰ ਆਪਣੇ ਪੰਜ ਦਿਨਾਂ ਦੌਰੇ 'ਤੇ ਦਿੱਲੀ ਪਹੁੰਚੇ। ਪੱਛਮੀ ਬੰਗਾਲ 'ਚ ਤੀਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਮਮਤਾ ਬੈਨਰਜੀ ਦਾ ਇਹ ਕੌਮੀ ਰਾਜਧਾਨੀ 'ਚ ਪਹਿਲਾ ਦੌਰਾ ਹੈ। ਉਹ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਸਕਦੇ ਹਨ।


ਤ੍ਰਿਣਮੂਲ ਕਾਂਗਰਸ ਵੱਲੋਂ ਜਾਰੀ ਪੰਜ ਦਿਨਾਂ ਦੌਰੇ ਦੇ ਸ਼ੈਡਿਊਲ ਅਨੁਸਾਰ ਮਮਤਾ ਬੈਨਰਜੀ ਮੰਗਲਵਾਰ ਨੂੰ ਸ਼ਾਮ 4 ਵਜੇ ਪ੍ਰਧਾਨ ਮੰਤਰੀ ਨੂੰ ਮਿਲਣਗੇ। ਸੂਤਰਾਂ ਅਨੁਸਾਰ ਮਮਤਾ ਦੇ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਵੀ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਇਲਾਵਾ ਬੈਨਰਜੀ ਵੱਲੋਂ ਕਮਲਨਾਥ, ਆਨੰਦ ਸ਼ਰਮਾ ਤੇ ਅਭਿਸ਼ੇਕ ਮਨੂ ਸਿੰਘਵੀ ਸਮੇਤ ਹੋਰਨਾਂ ਕਾਂਗਰਸ ਨੇਤਾਵਾਂ ਨਾਲ ਵੀ ਮੁਲਾਕਾਤ ਕਰਨ ਦਾ ਪ੍ਰੋਗਰਾਮ ਹੈ।

ਜੈਨ ਹਵਾਲਾ ਦਾ ਪਰਦਾਫ਼ਾਸ਼ ਕਰਨ ਵਾਲੇ ਪੱਤਰਕਾਰ ਵਿਨੀਤ ਨਰਾਇਣ ਨਾਲ ਕੀਤੀ ਮੁਲਾਕਾਤ

ਦਿੱਲੀ ਪਹੁੰਚਦਿਆਂ ਮਮਤਾ ਬੈਨਰਜੀ ਨੇ ਆਪਣੇ ਭਤੀਜੇ ਤੇ ਲੋਕ ਸਭਾ ਮੈਂਬਰ ਅਭਿਸ਼ੇਕ ਬੈਨਰਜੀ ਦੀ ਰਿਹਾਇਸ਼ 'ਤੇ ਸੋਮਵਾਰ ਦੀ ਸ਼ਾਮ ਸੀਨੀਅਰ ਪੱਤਰਕਾਰ ਵਿਨੀਤ ਨਾਰਾਇਣ ਨਾਲ ਮੁਲਾਕਾਤ ਕੀਤੀ। ਪੱਤਰਕਾਰ ਵਿਨੀਤ ਨਾਰਾਇਣ ਨੇ 1995-96 'ਚ ਆਪਣੀ ਵੀਡੀਓ ਮੈਗਜ਼ੀਨ 'ਕਾਲਚੱਕਰ' ਵਿੱਚ ਜੈਨ ਡਾਇਰੀ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿੱਚ ਹਵਾਲਾ ਰਾਹੀਂ ਸੀਨੀਅਰ ਆਗੂਆਂ ਨੂੰ ਲੱਖਾਂ ਰੁਪਏ ਦੇਣ ਦਾ ਜ਼ਿਕਰ ਸੀ। ਹਾਲ ਹੀ 'ਚ ਮਮਤਾ ਨੇ ਪੱਛਮੀ ਬੰਗਾਲ ਦੇ ਰਾਜਪਾਲ ਜਗਦੀਪ ਧਨਖੜ ਉੱਤੇ ਹਵਾਲਾ ਰਾਹੀਂ ਪੈਸੇ ਲੈਣ ਦਾ ਦੋਸ਼ ਲਾਇਆ ਸੀ। ਮੰਨਿਆ ਜਾ ਰਿਹਾ ਹੈ ਕਿ ਵਿਨੀਤ ਨਾਰਾਇਣ ਨਾਲ ਉਨ੍ਹਾਂ ਦੀ ਮੁਲਾਕਾਤ ਇਸੇ ਸਬੰਧ 'ਚ ਹੋਈ ਸੀ।

ਸੂਤਰਾਂ ਅਨੁਸਾਰ ਵਿਰੋਧੀ ਧਿਰ ਦੇ ਆਗੂਆਂ ਨਾਲ ਉਨ੍ਹਾਂ ਦੀ ਮੁਲਾਕਾਤ ਦਾ ਪ੍ਰੋਗਰਾਮ ਮੁਲਤਵੀ ਹੋ ਗਿਆ ਹੈ। ਕੋਵਿਡ-19 ਪ੍ਰੋਟੋਕੋਲ ਕਾਰਨ ਸੰਸਦ ਦੇ ਕੇਂਦਰੀ ਹਾਲ 'ਚ ਸੰਸਦ ਮੈਂਬਰਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੇ ਦਾਖਲ ਹੋਣ 'ਤੇ ਪਾਬੰਦੀ ਕਾਰਨ ਮੰਗਲਵਾਰ ਨੂੰ ਮਮਤਾ ਦਾ ਵਿਰੋਧੀ ਧਿਰ ਦੇ ਆਗੂਆਂ ਨਾਲ ਮੁਲਾਕਾਤ ਦਾ ਪ੍ਰੋਗਰਾਮ ਰੱਦ ਹੋ ਸਕਦਾ ਹੈ।

ਚਰਚਾ ਹੈ ਕਿ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਦਿੱਲੀ ਦੌਰੇ 'ਤੇ ਆਈ ਮਮਤਾ ਬੈਨਰਜੀ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਵੀ ਮਿਲ ਸਕਦੇ ਹਨ। ਤ੍ਰਿਣਮੂਲ ਕਾਂਗਰਸ ਦੇ ਮੁਖੀ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਪੱਧਰ 'ਤੇ ਵੱਡੀ ਭੂਮਿਕਾ ਨਿਭਾਉਣਗੇ। ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਲਗਾਤਾਰ ਤੀਜੀ ਵਾਰ ਪੱਛਮੀ ਬੰਗਾਲ ਵਿੱਚ ਸੱਤਾ 'ਚ ਆਈ ਮਮਤਾ ਬੈਨਰਜੀ ਦੀ ਇਹ ਪਹਿਲੀ ਦਿੱਲੀ ਫੇਰੀ ਹੈ।

ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮਮਤਾ ਬੈਨਰਜੀ ਕੋਲਕਾਤਾ ਵਿੱਚ ਰਾਜ ਮੰਤਰੀ ਮੰਡਲ ਦੀ ਇੱਕ ਵਿਸ਼ੇਸ਼ ਬੈਠਕ 'ਚ ਸ਼ਾਮਲ ਹੋਈ। ਬੈਨਰਜੀ ਨੇ ਕੋਲਕਾਤਾ ਦੇ ਐਨਐਸਸੀ ਬੋਸ ਕੌਮਾਂਤਰੀ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਨਹੀਂ ਕੀਤੀ।

ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇਸ ਹਫ਼ਤੇ ਮੁਲਾਕਾਤ ਦਾ ਸਮਾਂ ਦਿੱਤੀ ਹੈ। ਹਾਲਾਂਕਿ ਬੈਨਰਜੀ ਨੇ ਪ੍ਰਸਤਾਵਿਤ ਮੀਟਿੰਗ ਦਾ ਵੇਰਵਾ ਪ੍ਰਧਾਨ ਮੰਤਰੀ ਨਾਲ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਮਮਤਾ ਬੈਨਰਜੀ ਦੀ ਦਿੱਲੀ ਫੇਰੀ 'ਤੇ ਨਿਸ਼ਾਨਾ ਸਾਧਦਿਆਂ ਪੱਛਮੀ ਬੰਗਾਲ ਭਾਜਪਾ ਇਕਾਈ ਦੇ ਪ੍ਰਧਾਨ ਦਿਲੀਪ ਘੋਸ਼ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਝੂਠੇ ਟੀਕਾਕਰਨ ਕੈਂਪ ਮਾਮਲਾ, ਚੋਣ ਤੋਂ ਬਾਅਦ ਦੀ ਹਿੰਸਾ ਤੇ ਹੋਰ ਮੁੱਦਿਆਂ ਨੂੰ ਲੈ ਕੇ ਨਿਖੇਧੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਤੋਂ ਬਚਣ ਲਈ ਉਹ ਬਾਹਰ ਰਹਿਣਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਦੀ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਸਫਲ ਨਹੀਂ ਹੋਵੇਗੀ।