ਮਮਤਾ ਬੈਨਰਜੀ ਨੇ ਤੀਜੀ ਵਾਰ CM ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਜਪਾਲ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਅਧਿਕਾਰਤ ਤੌਰ 'ਤੇ ਮਮਤਾ ਇਕ ਵਾਰ ਫਿਰ ਬੰਗਾਲ ਦੀ ਮੁੱਖ ਮੰਤਰੀ ਬਣ ਗਈ ਹੈ। ਓਧਰ ਬੰਗਾਲ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਬੀਜੇਪੀ ਧਰਨਾ ਪ੍ਰਦਰਸ਼ਨ ਕਰ ਰਹੀ ਹੈ।


11 ਵਜੇ ਕੋਵਿਡ ਤੇ ਮੀਟਿੰਗ


ਸਹੁੰ ਚੁੱਕਣ ਮਗਰੋਂ ਮਮਤਾ ਬੈਨਰਜੀ ਨੇ ਸਭ ਤੋਂ ਪਹਿਲਾਂ ਲੋਕਾਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਕਿਹਾ, 'ਸਾਢੇ 11 ਵਜੇ ਉਹ ਕੋਵਿਡ 'ਤੇ ਇਕ ਮੀਟਿੰਗ ਕਰਨ ਵਾਲੇ ਹਨ। ਇਸ ਤੋਂ ਬਾਅਦ ਤਿੰਨ ਵਜੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ।' ਉਨ੍ਹਾਂ ਕਿਹਾ 'ਮੈਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੀ ਹਾਂ। ਜੇਕਰ ਕਿਸੇ ਵੀ ਦਲ ਦੇ ਵਿਅਕਤੀ ਨੇ ਹਿੰਸਾ ਕੀਤੀ, ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮੈਂ ਸ਼ਾਂਤੀ ਦੇ ਪੱਖ 'ਚ ਹਾਂ ਤੇ ਰਹਾਂਗੀ।'


ਬੰਗਾਲ ਚੋਣਾਂ 'ਚ ਤ੍ਰਿਣਮੂਲ ਕਾਂਗਰਸ ਨੇ 213 ਸੀਟਾਂ ਜਿੱਤ ਕੇ ਇਤਿਹਾਸ ਰਚਿਆ


ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ ਹੈ ਤੇ ਲਗਾਤਾਰ ਤੀਜੀ ਵਾਰ ਸੂਬੇ ਦੀ ਸੱਤਾ ਆਪਣੇ ਕੋਲ ਬਰਕਰਾਰ ਰੱਖੀ ਹੈ। ਪਾਰਟੀ ਨੂੰ 292 ਚੋਂ 213 ਵਿਧਾਨ ਸਭਾ ਸੀਟਾਂ ਹਾਸਲ ਹੋਈਆਂ ਹਨ ਜੋ ਬਹੁਮਤ ਦੇ ਅੰਕੜੇ ਤੋਂ ਕਿਤੇ ਵੱਧ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਆਪਣੀ ਪੂਰੀ ਤਾਕਤ ਲਾਉਣ ਵਾਲੀ ਬੀਜੇਪੀ 77 ਸੀਟਾਂ 'ਤੇ ਹੀ ਸਮਿਟ ਕੇ ਰਹਿ ਗਈ।