ਭੁਵਨੇਸ਼ਵਰ: ਉੜੀਸਾ ਦੇ ਇੱਕ ਕਿਸਾਨ ਨੇ ਆਪਣੀ ਮਿਹਨਤ ਨਾਲ ਪਿੰਡ ਦੇ ਸੈਂਕੜੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰ ਦਿੱਤੀਆਂ। 70 ਸਾਲ ਦੇ ਦੈਤਰੀ ਨਾਇਕ ਨੇ ਤਿੰਨ ਸਾਲ ਸਖ਼ਤ ਮਿਹਨਤ ਕਰ ਕੇ ਪਥਰੀਲੇ ਇਲਾਕੇ ਦੇ ਪਿੰਡ ਵਿੱਚ ਇੱਕ ਕਿਲੋਮੀਟਰ ਲੰਮੀ ਖਾਲ੍ਹ ਪੁੱਟ ਦਿੱਤੀ। ਇਸ ਨਾਲ ਪਾਣੀ ਦੀ ਕਮੀ ਨਾਲ ਜੂਝ ਰਹੇ ਪਿੰਡ ਵਾਸੀਆਂ ਨੂੰ ਰੋਜ਼ਾਨਾ ਦੇ ਕੰਮਕਾਜ ਤੇ ਖੇਤੀ ਲਈ ਭਰਪੂਰ ਪਾਣੀ ਮਿਲ ਸਕੇਗਾ।

ਮਾਮਲਾ ਕੇਂਦੂਝਰ ਜ਼ਿਲ੍ਹੇ ਦਾ ਹੈ। ਜਿੱਥੇ ਬਾਂਸਪਾਲ, ਤੇਲਕਾਈ ਤੇ ਹਰੀਚੰਦਪੁਰ ਬਲਾਕ ਵਿੱਚ ਸਿੰਜਾਈ ਲਈ ਕੋਈ ਪ੍ਰਬੰਧ ਨਹੀਂ ਸੀ। ਕਿਸਾਨਾਂ ਨੂੰ ਖੇਤੀ ਲਈ ਮੀਂਹ ਦੇ ਪਾਣੀ ’ਤੇ ਹੀ ਨਿਰਭਰ ਹੋਣਾ ਪੈਂਦਾ ਸੀ। ਰੋਜ਼ਾਨਾ ਕੰਮਕਾਜ ਲਈ ਵੀ ਲੋਕ ਤਲਾਬਾਂ ਦੇ ਗੰਦਾ ਪਾਣੀ ਵਰਤਣ ਲਈ ਮਜਬੂਰ ਸਨ।

ਪ੍ਰਸ਼ਾਸਨ ਨੇ ਵੀ ਪਹਾੜੇ ਇਲਾਕੇ ਵਿੱਚ ਪਾਣੀ ਲਈ ਕੋਈ ਪ੍ਰਬੰਧ ਨਹੀਂ ਕੀਤਾ ਸੀ। ਅਜਿਹੇ ਵਿੱਚ ਪਿੰਡ ਦੇ ਦੈਤਰੀ ਨਾਇਕ ਨੇ ਪਿੰਡ ਵਿੱਚ ਪਾਣੀ ਲਿਆਉਣ ਦੀ ਠਾਣ ਲਈ। ਦੈਤਰੀ ਨੇ ਦੱਸਿਆ ਕਿ ਉਨ੍ਹਾਂ ਆਪਣੇ ਪਰਿਵਾਰ ਨਾਲ ਖਾਲ੍ਹ ਬਣਾਉਣ ਦਾ ਕੰਮ ਸ਼ੁਰੂ ਕੀਤਾ। ਪਾਣੀ ਦੇ ਪ੍ਰਬੰਧ ਲਈ ਉਨ੍ਹਾਂ ਤਿੰਨ ਸਾਲਾਂ ਤਕ ਪਹਾੜ ਤੋੜਿਆ ਤੇ ਖਾਲ੍ਹ ਪੁੱਟਣੀ ਸ਼ੁਰੂ ਕੀਤੀ। ਉਨ੍ਹਾਂ ਦੇ ਪਰਿਵਾਰ ਨੇ ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਹਿਯੋਗ ਦਿੱਤਾ। ਖਾਲ੍ਹ ਬਣਨ ਦੇ ਬਾਅਦ ਪਿਛਲੇ ਮਹੀਨੇ ਹੀ ਪਿੰਡ ਵਿੱਚ ਪਾਣੀ ਲਿਆਂਦਾ ਗਿਆ ਹੈ।

 

ਕੇਂਦੂਝਰ ਡਵੀਜ਼ਨ ਦੇ ਮਾਈਨਰ ਸਿੰਜਾਈ ਦੇ ਇੰਜਨੀਅਰ ਸੁਧਾਰਕ ਬਿਹਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਇੱਕ ਵਿਅਕਤੀ ਨੇ ਕਰਨਾਟਕ ਨਾਲ਼ੇ ਤੋਂ ਪਾਣੀ ਲਿਆਉਣ ਲਈ ਖਾਲ੍ਹ ਪੁੱਟੀ ਹੈ। ਉਨ੍ਹਾਂ ਕਿਹਾ ਕਿ ਉਹ ਉਸ ਪਿੰਡ ਦਾ ਦੌਰਾ ਕਰਨਗੇ ਤੇ ਪਿੰਡ ਵਿੱਚ ਸਿੰਜਾਈ ਦੀ ਵਿਵਸਥਾ ਲਈ ਜ਼ਰੂਰੀ ਉਪਰਾਲੇ ਕਰਨਗੇ।