Uttar Pradesh News: ਉੱਤਰ ਪ੍ਰਦੇਸ਼ ਵਿੱਚ ਮਥੁਰਾ ਪੁਲਿਸ ਦੀ ਇੱਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਅਦਾਲਤ ਨੂੰ ਵੀ ਪੁਲਿਸ ਦੇ ਇਸ ਬਿਆਨ 'ਤੇ ਯਕੀਨ ਕਰਨਾ ਔਖਾ ਹੈ। ਪੁਲਿਸ ਦੀ ਗੱਲ ਸੁਣ ਕੇ ਜੱਜ ਵੀ ਹੈਰਾਨ ਰਹਿ ਗਏ। ਦਰਅਸਲ ਨਸ਼ੇੜੀ ਚੂਹਿਆਂ ਵੱਲੋਂ 500 ਕਿਲੋ ਗਾਂਜਾ ਖਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅਜੀਬੋ-ਗਰੀਬ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੁਲਿਸ ਨੇ ਅਦਾਲਤ ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਭੰਗ ਚੂਹਿਆਂ ਨੇ ਖਾਧੀ ਸੀ। ਮਥੁਰਾ ਪੁਲਸ ਨੇ ਅਦਾਲਤ 'ਚ ਪੇਸ਼ ਕੀਤੀ ਰਿਪੋਰਟ 'ਚ ਕਿਹਾ ਹੈ ਕਿ ਗੋਦਾਮ 'ਚ ਰੱਖੇ 581 ਕਿਲੋਗ੍ਰਾਮ ਜ਼ਬਤ ਗਾਂਜਾ ਚੂਹਿਆਂ ਨੇ ਖਾ ਲਿਆ ਹੈ। ਦੱਸ ਦੇਈਏ ਕਿ ਇਸ ਦੀ ਕੀਮਤ 60 ਲੱਖ ਰੁਪਏ ਸੀ।


ਕੋਰਟ ਨੇ ਚੂਹਿਆਂ ਨੂੰ ਨੱਥ ਪਾਉਣ ਲਈ ਕਿਹਾ


ਦੱਸ ਦੇਈਏ ਕਿ ਇਸ ਗਾਂਜੇ ਨੂੰ ਪੁਲਿਸ ਨੇ ਐਨਡੀਪੀਐਸ ਐਕਟ ਦੇ ਤਹਿਤ ਦੋ ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤਾ ਸੀ। ਇਹ ਥਾਣਾ ਸ਼ੇਰਗੜ੍ਹ ਅਤੇ ਹਾਈਵੇਅ ਵਿੱਚ ਫੜਿਆ ਗਿਆ ਸੀ। ਪੁਲਿਸ ਨੇ ਆਪਣੀ ਰਿਪੋਰਟ ਏਡੀਜੇ ਸੱਤਵੀਂ ਦੀ ਅਦਾਲਤ ਵਿੱਚ ਪੇਸ਼ ਕੀਤੀ। ਅਦਾਲਤ ਨੇ ਪੁਲਿਸ ਦੇ ਇਸ ਬਿਆਨ ’ਤੇ ਹੈਰਾਨੀ ਪ੍ਰਗਟ ਕਰਦਿਆਂ 26 ਨਵੰਬਰ ਤੱਕ ਚੂਹਿਆਂ ਵੱਲੋਂ ਗਾਂਜਾ ਖਾਣ ਦੇ ਸਬੂਤ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਚੂਹਿਆਂ ਦੀ ਸਮੱਸਿਆ ਨਾਲ ਨਜਿੱਠਣ ਦੇ ਵੀ ਹੁਕਮ ਦਿੱਤੇ ਹਨ। ਅਦਾਲਤ ਨੇ ਐਸਐਸਪੀ ਨੂੰ ਚੂਹਿਆਂ ਨੂੰ ਕਾਬੂ ਕਰਨ ਲਈ ਕਦਮ ਚੁੱਕਣ ਲਈ ਕਿਹਾ।


ਪੁਲਿਸ ਨੇ ਬੇਵਸੀ ਜ਼ਾਹਰ ਕੀਤੀ


2018 ਵਿੱਚ ਜ਼ਬਤ ਕੀਤਾ ਇਹ ਗਾਂਜਾ ਮਲਖਾਨੇ ਵਿੱਚ ਰੱਖਿਆ ਸੀ। ਪੁਲਿਸ ਨੇ ਸਬੂਤ ਵਜੋਂ ਗਾਂਜਾ ਵੀ ਪੇਸ਼ ਕੀਤੀ ਸੀ। ਹੁਣ ਪੁਲਿਸ ਨੇ ਦੱਸਿਆ ਹੈ ਕਿ ਚੂਹਿਆਂ ਨੇ ਗਾਂਜਾ ਖਾ ਲਿਆ ਹੈ। ਪੁਲਿਸ ਨੇ ਦੱਸਿਆ ਕਿ ਗੋਦਾਮ ਵਿੱਚ ਬਹੁਤ ਜ਼ਿਆਦਾ ਚੂਹੇ ਹਨ ਅਤੇ ਗਾਂਜੇ ਨੂੰ ਉਨ੍ਹਾਂ ਤੋਂ ਬਚਾਇਆ ਨਹੀਂ ਜਾ ਸਕਿਆ ਹੈ। ਪੁਲਿਸ ਨੇ ਜ਼ਬਤ ਕੀਤੇ ਗਾਂਜੇ ਨੂੰ ਪੇਸ਼ ਕਰਨ ਵਿੱਚ ਬੇਵੱਸੀ ਜ਼ਾਹਰ ਕੀਤੀ। ਪੁਲਿਸ ਨੇ ਇਹ ਵੀ ਦੱਸਿਆ ਕਿ ਜੋ ਥੋੜਾ ਗਾਂਜਾ ਬਚਿਆ ਸੀ, ਉਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਹੁਣ ਅਗਲੀ ਸੁਣਵਾਈ 26 ਨਵੰਬਰ ਨੂੰ ਹੋਵੇਗੀ। ਦੇਖਣਾ ਹੋਵੇਗਾ ਕਿ ਪੁਲਿਸ ਕੀ ਸਬੂਤ ਪੇਸ਼ ਕਰਦੀ ਹੈ।