ਸ਼੍ਰੀਨਗਰ: ਭਾਰਤੀ ਜਨਤਾ ਪਾਰਟੀ ਦੀ ਸਹਿਯੋਗ ਨਾਲ ਤਿੰਨ ਸਾਲ ਤਕ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਰਹੀ ਮਹਿਬੂਬਾ ਮੁਫ਼ਤੀ ਨੇ ਪਾਰਟੀ ਨੂੰ ਇਸ਼ਾਰਿਆਂ ਵਿੱਚ ਸਖ਼ਤ ਚੇਤਾਵਨੀ ਦਿੱਤੀ ਹੈ। ਮੁਫ਼ਤੀ ਨੇ ਆਪਣੀ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਵਿੱਚ ਪੈਦਾ ਹੋ ਰਹੀ ਫੁੱਟ 'ਤੇ ਕਿਹਾ ਕਿ ਜੇਕਰ ਦਿੱਲੀ ਨੇ ਪੀਡੀਪੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਕਸ਼ਮੀਰ ਵਿੱਚ ਕਈ ਹੋਰ ਸਲਾਊਦੀਨ ਪੈਦਾ ਹੋਣਗੇ।


ਉਨ੍ਹਾਂ ਕਿਹਾ ਕਿ ਹਰ ਘਰ ਵਿੱਚ ਦਿੱਕਤ ਹੁੰਦੀ ਹੈ, ਪਰ ਜੇਕਰ ਦਿੱਲੀ ਨੇ 1987 ਵਾਂਗ ਇੱਥੋਂ ਦੀ ਜਨਤਾ ਦੇ ਵੋਟ 'ਤੇ ਡਾਕਾ ਪਾਉਣ ਤੇ ਤੋੜ-ਭੰਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸਮਝਦੀ ਹਾਂ ਕਿ 1987 ਵਿੱਚ ਜਿਵੇਂ ਇੱਕ ਸਲਾਊਦੀਨ ਤੇ ਇੱਕ ਯਾਸਿਨ ਮਲਿਕ ਨੇ ਜਨਮ ਲਿਆ ਸੀ, ਇਸ ਵਾਰ ਪੀਡੀਪੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਹਾਲਾਤ ਇਸ ਤੋਂ ਵੀ ਖ਼ਰਾਬ ਹੋਣਗੇ। ਮਹਿਬੂਬਾ ਦੇ ਇਸ ਬਿਆਨ ਨੂੰ ਨੈਸ਼ਨਲ ਕਾਨਫਰੰਸ ਦੇ ਮੁਖੀ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਹਤਾਸ਼ਾ ਭਰਿਆ ਦੱਸਿਆ ਹੈ।

ਹਾਲ ਹੀ ਵਿੱਚ ਪੀਡੀਪੀ ਦੇ ਛੇ ਵਿਧਾਇਕਾਂ ਨੇ ਬਗ਼ਾਵਤ ਕੀਤੀ ਹੈ। ਸਾਰੇ ਨਾਰਾਜ਼ ਵਿਧਾਇਕਾਂ ਦਾ ਕਹਿਣਾ ਹੈ ਕਿ ਪੀਡੀਪੀ ਫੈਮਿਲੀ ਡੈਮੋਕ੍ਰੈਟਿਕ ਪਾਰਟੀ ਬਣ ਚੁੱਕੀ ਹੈ। ਬਾਗ਼ੀ ਵਿਧਾਇਕਾਂ ਵਿੱਚ ਜਾਵੇਗ ਬੇਗ਼, ਯਾਸਿਰ ਰੇਸ਼ੀ, ਅਬਦੁਲ ਮਜ਼ੀਦ, ਇਮਰਾਨ ਅੰਸਾਰੀ, ਅਬੀਦ ਹੁਸੈਨ ਅੰਸਾਰੀ ਤੇ ਮੁਹੰਮਦ ਅੱਬਾਸ ਵਾਨੀ ਸ਼ਾਮਲ ਹਨ। 19 ਜੂਨ 2018 ਨੂੰ ਬੀਜੇਪੀ ਨੇ ਪੀਡੀਪੀ 'ਤੇ ਕਈ ਗੰਭੀਰ ਇਲਜ਼ਾਮ ਲਾਉਂਦਿਆਂ ਖ਼ੁਦ ਨੂੰ ਗਠਜੋੜ ਤੋਂ ਵੱਖ ਕਰ ਲਿਆ ਸੀ। ਇਸ ਤੋਂ ਬਾਅਦ ਮਹਿਬੂਬਾ ਮੁਫ਼ਤੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ ਤੇ ਸੂਬੇ ਵਿੱਚ ਰਾਜਪਾਲ ਸਾਸ਼ਨ ਲਾਗੂ ਹੋ ਗਿਆ ਸੀ।

ਕੌਣ ਹੈ ਸਈਦ ਸਲਾਊਦੀਨ?

ਸਲਾਊਦੀਨ ਦਾ ਅਸਲ ਨਾਂ ਯੁਸੁਫ ਸ਼ਾਹ ਸੀ, ਪਰ 5 ਨਵੰਬਰ 1990 ਨੂੰ ਉਸ ਨੇ ਆਪਣਾ ਨਾਂਅ ਬਦਲ ਲਿਆ ਤੇ ਬੰਦੂਕ ਦਾ ਰਸਤਾ ਫੜ ਲਿਆ ਸੀ। ਹਥਿਆਰ ਚੁੱਕਣ ਤੋਂ ਬਾਅਦ ਉਸ ਨੇ ਘਾਟੀ ਵਿੱਚ ਵੱਡੀਆਂ ਦਹਿਸ਼ਤੀ ਘਟਨਾਵਾਂ ਨੂੰ ਅੰਜਾਮ ਦਿੱਤਾ। ਉਸ ਨੇ ਫਿਲਹਾਲ ਪਾਕਿਸਤਾਨ ਵਿੱਚ ਸ਼ਰਣ ਲਈ ਹੋਈ ਹੈ। ਸਲਾਊਦੀਨ ਨੇ 1987 ਵਿੱਚ ਵਿਧਾਨ ਸਭਾ ਚੋਣਾਂ ਲੜੀਆਂ ਸਨ ਪਰ ਹਾਰ ਗਿਆ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਧੋਖਾ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਨੇ ਬੰਦੂਕ ਚੁੱਕ ਲਈ ਸੀ। ਸਲਾਊਦੀਨ ਨੇ ਕਿਹਾ ਸੀ ਕਿ ਉਹ ਸ਼ਾਂਤੀਪੂਰਨ ਤਰੀਕੇ ਨਾਲ ਵਿਧਾਨ ਸਭਾ ਜਾਣਾ ਚਾਹੁੰਦੇ ਸੀ, ਪਰ ਅਜਿਹਾ ਨਹੀਂ ਕਰਨ ਦਿੱਤਾ ਗਿਆ, ਗ੍ਰਿਫ਼ਤਾਰ ਕੀਤਾ ਗਿਆ ਤੇ ਆਵਾਜ਼ ਦੱਬੀ ਗਈ।