ਚੰਡੀਗੜ੍ਹ:  ਦੇਸ਼ ਭਰ ਵਿੱਚ ਸਭ ਤੋਂ ਮੁੱਖ ਸੰਸਥਾਵਾਂ ਵਿੱਚੋਂ ਇੱਕ ਸਿਮਬਾਇਓਸਿਸ ਵੀ #MeToo ਦੀ ਜ਼ਦ ਵਿੱਚ ਆ ਗਈ ਹੈ। ਇਹ ਸੰਸਥਾ ਆਪਣੇ ਮਹਿੰਗੇ ਤੇ ਹਾਈ-ਫਾਈ ਕਲਚਰ ਲਈ ਮਸ਼ਹੂਰ ਹੈ। ਸਿਮਬਾਇਓਸਿਸ ਇੰਟਰਨੈਸ਼ਨਲ ਯੂਨੀਵਰਸਿਟੀ (ਐਸਆਈਯੂ) ਦੇ ਨਿਰਦੇਸ਼ਕ ’ਤੇ ਜਿਣਸੀ ਸ਼ੋਸ਼ਣ ਦਾ ਇਲਜ਼ਾਮ ਲਾਇਆ ਗਿਆ ਹੈ। ਕੁੱਲ 106 ਵਿਦਿਆਰਥਣਾਂ ਨੇ ਆਪਣੇ ਹਸਤਾਖਰ ਕਰਕੇ ਮੈਨੇਜਮੈਂਟ ਨੂੰ ਆਪਣੀ ਲਿਖਤੀ ਸ਼ਿਕਾਇਤ ਦਰਜ ਕਰਾਈ ਹੈ।

ਮਾਮਲੇ ਦੇ ਬਾਅਦ SIU ਨੇ ਸਿਮਬਾਇਓਸਿਸ ਸੈਂਟਰ ਫਾਰ ਮੀਡੀਆ ਐਂਡ ਕਮਿਊਨੀਕੇਸ਼ਨ (SCMC) ਦੇ ਨਿਰਦੇਸ਼ਕ ਅਨੁਪਮ ਸਿਧਾਰਥ ਨੂੰ ਜਾਂਚ ਪੂਰੀ ਹੋਣ ਤਕ ਛੁੱਟੀ ’ਤੇ ਜਾਣ ਦਾ ਨਿਰਦੇਸ਼ ਦਿੱਤਾ ਹੈ। ਸ਼ਿਕਾਇਤ ਕਰਨ ਵਾਲੀਆਂ ਵਿਦਿਆਰਥਣਾਂ ਵਿੱਚ ਮੌਜੂਦਾ ਯੂਨੀਵਰਸਿਟੀ ਵਿੱਚ ਪੜ੍ਹ ਰਹੀਆਂ ਵਿਦਿਆਰਥਣਾਂ ਤੋਂ ਇਲਾਵਾ ਪੜ੍ਹ ਚੁੱਕੀਆਂ ਵਿਦਿਆਰਥਣਾਂ ਵੀ ਸ਼ਾਮਲ ਹਨ। ਉਨ੍ਹਾਂ ਨਿਰਦੇਸ਼ਕ ਖਿਲਾਫ ਕਈ ਸਾਲਾਂ ਤੋਂ ਕਥਿਤ ਸੋਸ਼ਣ ਤੇ ਦੁਰਵਿਹਾਰ ਦੇ ਇਲਜ਼ਾਮ ਲਾਏ ਹਨ।



#MeToo ਮੁਹਿੰਮ ਦੇ ਅੰਤਰਗਤ ਪਿਛਲੇ 10 ਦਿਨਾਂ ਵਿੱਚ ਸਿਮਬਾਇਓਸਿਸ ਦੀਆਂ ਕਈ ਵਿਦਿਆਰਥਣਾਂ ਨੇ ਆਪਣੇ ਨਾਲ ਹੋਏ ਜਿਣਸੀ ਸੋਸ਼ਣ ਦਾ ਖ਼ੁਲਾਸਾ ਕੀਤਾ ਹੈ। ਵਿਦਿਆਰਥਣਾਂ ਨੇ ਆਪਣੇ ਜਮਾਤੀਆਂ, ਅਧਿਆਪਕਾਂ ਤੇ ਨਿਰਦੇਸ਼ਕਾਂ ’ਤੇ ਜਿਣਸੀ ਸੋਸ਼ਣ ਦੇ ਇਲਜ਼ਾਮ ਲਾਏ ਹਨ। ਵਿਦਿਆਰਥਣਾਂ ਨੇ ਯੂਨੀਵਰਸਿਟੀ ਕੈਂਪਸ ਅੰਦਰ ਸੋਸ਼ਣ ਦੀ ਦੁਰਦਸ਼ਾ ਬਾਰੇ ਦੱਸਿਆ ਤੇ ਇਸ ਰਵਾਇਤ ਨੂੰ ਖ਼ਤਮ ਕਰਨ ਲਈ 200 ਤੋਂ ਵੱਧ ਸੁਝਾਅ ਵੀ ਭੇਜੇ ਹਨ।