ਨਵੀਂ ਦਿੱਲੀ: ਮੋਦੀ ਸਰਕਾਰ ਕਿਸਾਨਾਂ ਲਈ ਕਈ ਨਵੀਂਆਂ ਸਕੀਮਾਂ ਚਲਾ ਰਹੀ ਹੈ। ਜੇ ਤੁਸੀਂ ‘ਪੀਐਮ ਕਿਸਾਨ ਸੰਮਾਨ ਨਿਧੀ’ ਦੇ ਲਾਭਪਾਤਰੀ ਹੋ, ਤਾਂ ਤੁਹਾਡੇ ਲਈ ‘ਪੀਐਮ ਕਿਸਾਨ ਮਾਨਧਨ ਯੋਜਨਾ’ ਵੀ ਹੈ; ਜਿਸ ਅਧੀਨ 60 ਸਾਲਾਂ ਦੀ ਉਮਰ ਤੋਂ ਬਾਅਦ ਪੈਨਸ਼ਨ ਮਿਲਣ ਦਾ ਨਿਯਮ ਹੈ।

18 ਤੋਂ 40 ਸਾਲ ਤੱਕ ਦੀ ਉਮਰ ਦਾ ਕੋਈ ਵੀ ਕਿਸਾਨ ਭਾਗ ਲੈ ਸਕਦਾ ਹੈ; ਜਿਸ ਨੂੰ ਉਮਰ ਦੇ ਹਿਸਾਬ ਨਾਲ ਮਾਸਿਕ ਅੰਸ਼ਦਾਨ ਕਰਨ ਉੱਤੇ 60 ਸਾਲ ਦੀ ਉਮਰ ਤੋਂ ਬਾਅਦ 3,000 ਰੁਪਏ ਪ੍ਰਤੀ ਮਹੀਨਾ ਜਾਂ 36,000 ਰੁਪਏ ਸਾਲਾਨਾ ਪੈਨਸ਼ਨ ਮਿਲੇਗੀ। ਇਸ ਲਈ ਅੰਸ਼ਦਾਨ 55 ਤੋਂ 200 ਰੁਪਏ ਪ੍ਰਤੀ ਮਹੀਨਾ ਹੈ। ਹੁਣ ਤੱਕ ਇਸ ਯੋਜਨਾ ਨਾਲ ਲਗਭਗ 21 ਲੱਖ ਕਿਸਾਨ ਜੁੜ ਚੁੱਕੇ ਹਨ। ਇਸ ਪੈਨਸ਼ਨ ਕੋਸ਼ ਦਾ ਪ੍ਰਬੰਧ ‘ਭਾਰਤੀ ਜੀਵਨ ਬੀਮਾ ਨਿਗਮ’ (LIC) ਵੇਖ ਰਿਹਾ ਹੈ।

 

ਇਸ ਯੋਜਨਾ ਦਾ ਲਾਭ 2 ਹੈਕਟੇਅਰ ਤੱਕ ਦੀ ਜ਼ਮੀਨ ਦੇ ਮਾਲਕ ਕਿਸਾਨ ਲੈ ਸਕਦੇ ਹਨ। ਇਸ ਲਈ ਘੱਟੋ-ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ 40 ਸਾਲ ਚਾਹੀਦੀ ਹੈ। ਇਸ ਲਈ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ 55 ਰੁਪਏ ਤੋਂ ਲੈ ਕੇ 200 ਰੁਪਏ ਹਰ ਮਹੀਨੇ ਅੰਸ਼ਦਾਨ ਕਰਨੇ ਹੋਣਗੇ। ਜੇ ਤੁਸੀਂ 18 ਸਾਲ ਦੀ ਉਮਰ ਵਿੱਚ ਜੁੜਦੇ ਹੋ, ਤਾਂ ਮਾਸਿਕ ਅੰਸ਼ਦਾਨ 55 ਰੁਪਏ ਜਾਂ ਸਾਲਾਨਾ 660 ਰੁਪਏ ਹੋਵੇਗਾ। ਜੇ ਤੁਸੀਂ 40 ਸਾਲ ਦੀ ਉਮਰ ਵਿੱਚ ਜੁੜਦੇ ਹੋ, ਤਾਂ 200 ਰੁਪਏ ਮਹੀਨਾ ਜਾਂ 2,400 ਰੁਪਏ ਸਾਲਾਨਾ ਅੰਸ਼ਦਾਨ ਪਾਉਣਾ ਹੋਵੇਗਾ।

 

‘ਪੀਐਮ ਕਿਸਾਨ ਮਾਨਧਨ’ ਵਿੱਚ ਜਿੰਨਾ ਯੋਗਦਾਨ ਕਿਸਾਨ ਦਾ ਹੋਵੇਗਾ, ਓਨਾ ਹੀ ਸਰਕਾਰ ਵੀ ਆਪਣਾ ਯੋਗਦਾਨ ਪਾਵੇਗੀ।  11 ਜਨਵਰੀ, 2021 ਤੱਕ ਦੇ ਅੰਕੜਿਆਂ ਮੁਤਾਬਕ ਇਸ ਯੋਜਨਾ ਨਾਲ 21,12,941 ਕਿਸਾਨ ਜੁੜ ਚੁੱਕੇ ਹਨ। ਸਭ ਤੋਂ ਵੱਧ 4,24,446 ਕਿਸਾਨ ਹਰਿਆਣਾ ਤੋਂ ਜੁੜੇ ਹਨ। ਬਿਹਾਰ ਤੋਂ 3,10,864, ਉੱਤਰ ਪ੍ਰਦੇਸ਼ ਤੋਂ 2,50,939, ਝਾਰਖੰਡ ਤੋਂ 2,49,372 ਅਤੇ ਛੱਤੀਸਗੜ੍ਹ ਤੋਂ 23,975 ਕਿਸਾਨ ਆਪਣੀਆਂ ਰਜਿਸਟ੍ਰੇਸ਼ਨਾਂ ਕਰਵਾ ਚੁੱਕੇ ਹਨ।

 
ਪੈਨਸ਼ਨ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਨੂੰ ‘ਕੌਮਨ ਸਰਵਿਸ ਸੈਂਟਰ’ ਉੱਤੇ ਜਾ ਕੇ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਲਈ ਆਧਾਰ ਕਾਰਡ ਤੇ ਖਸਰਾ ਖਤੌਨੀ ਦੀ ਨਕਲ ਵੀ ਲਿਜਾਣੀ ਹੋਵੇਗੀ। ਦੋ ਤਸਵੀਰਾਂ ਤੇ ਬੈਂਕ ਦੀ ਪਾਸ ਬੁੱਕ ਵੀ ਚਾਹੀਦੀ ਹੋਵੇਗੀ। ਰਜਿਸਟ੍ਰੇਸ਼ਨ ਲਈ ਕੋਈ ਫ਼ੀਸ ਨਹੀਂ ਦੇਣੀ ਹੋਵੇਗੀ। ਰਜਿਸਟ੍ਰੇਸ਼ਨ ਸਮੇਂ ਕਿਸਾਨ ਪੈਨਸ਼ਨ ਯੂਨੀਕ ਨੰਬਰ ਤੇ ਪੈਨਸ਼ਨ ਕਾਰਡ ਬਣਾਇਆ ਜਾਵੇਗਾ।