ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿੰਨ ਦੇਸ਼ਾਂ ਰਵਾਂਡਾ, ਯੁਗਾਂਡਾ ਤੇ ਦੱਖਣੀ ਅਫਰੀਕਾ ਦੇ ਦੌਰੇ 'ਤੇ ਰਵਾਨਾ ਹੋ ਗਏ ਹਨ। ਇਸ ਦੌਰੇ ਦੀ ਖਾਸ ਗੱਲ ਇਹ ਹੈ ਕਿ ਮੋਦੀ ਰਵੇਰੂ ਮਾਡਲ ਪਿੰਡ ਦਾ ਦੌਰਾ ਕਰਕੇ ਰਵਾਂਡਾ ਦੀ 'ਗਿਰਿੰਕਾ' ਯੋਜਨਾ ਲਈ 200 ਗਾਵਾਂ ਤੋਹਫੇ ਵਜੋਂ ਦੇਣਗੇ। ਇਸ ਤੋਂ ਇਲਾਵਾ ਯੁਗਾਂਡਾ 'ਚ ਮੋਦੀ ਸੰਸਦ ਨੂੰ ਸੰਬੋਧਨ ਕਰਨਗੇ। ਯੁਗਾਂਡਾ ਦੀ ਸੰਸਦ ਨੂੰ ਸੰਬੋਧਨ ਕਰਨ ਵਾਲੇ ਮੋਦੀ ਪਹਿਲੇ ਪ੍ਰਧਾਨ ਮੰਤਰੀ ਹੋਣਗੇ।


ਦੱਖਣੀ ਅਫਰੀਕਾ ਦੌਰੇ ਦੌਰਾਨ ਉਹ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣਗੇ। ਇਸ 'ਚ ਅੰਤਰਰਾਸ਼ਟਰੀ ਸ਼ਾਂਤੀ ਤੇ ਸੁਰੱਖਿਆ ਸਮੇਤ ਕਈ ਵਿਸ਼ਵ ਮੁੱਦਿਆਂ 'ਤੇ ਚਰਚਾ ਹੋਣ ਦੀ ਉਮੀਦ ਹੈ।


ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਅੱਜ ਤੇ ਕੱਲ੍ਹ ਰਵਾਂਡਾ 'ਚ ਰੁਕਣਗੇ ਜਦਕਿ 24 ਤੇ 25 ਜੁਲਾਈ ਨੂੰ ਉਨ੍ਹਾਂ ਦਾ ਯੁਗਾਂਡਾ 'ਚ ਰੁਕਣ ਦਾ ਪ੍ਰੋਗਰਾਮ ਹੈ। ਯਾਤਰਾ ਦੇ ਅੰਤਿਮ ਪੜਾਅ 'ਚ ਉਹ ਦੱਖਣੀ ਅਫਰੀਕਾ ਜਾਣਗੇ ਜਿੱਥੇ ਉਹ 27 ਜੁਲਾਈ ਤੱਕ ਠਹਿਰਣਗੇ।


ਮੋਦੀ ਰਵਾਂਡਾ ਦੌਰੇ 'ਤੇ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ ਜਦਕਿ ਪਿਛਲੇ ਦੋ ਦਹਾਕਿਆਂ 'ਚ ਉਹ ਯੁਗਾਂਡਾ ਜਾਣ ਵਾਲੇ ਭਾਰਤ ਦੇ ਪਹਿਲੇ ਸੱਤਾਧਾਰੀ ਹੋਣਗੇ।