ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਦੇਸ਼ ਦੀ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ ਜਿਸ ਨੇ ਭਾਰਤ 'ਚ ਦੋ ਕਰੋੜ ਕਾਰਾਂ ਦਾ ਉਤਪਾਦਨ ਕੀਤਾ ਹੈ। ਮਾਰੂਤੀ ਸੁਜ਼ੂਕੀ ਵੱਲੋਂ ਅੱਜ ਦਿੱਤੀ ਜਾਣਕਾਰੀ ਮੁਤਾਬਕ ਉਸ ਨੇ ਗੁਰੂਗ੍ਰਾਮ ਤੇ ਮਾਨੇਸਰ ਪਲਾਂਟ 'ਚ ਇਨ੍ਹਾਂ ਦੋ ਕਰੋੜ ਕਾਰਾਂ ਦਾ ਉਤਪਾਦਨ ਕੀਤਾ ਹੈ।


ਮਾਰੂਤੀ ਨੂੰ ਇਹ ਅੰਕੜਾ ਪਾਰ ਕਰਨ ਲਈ 34 ਸਾਲ 6 ਮਹੀਨੇ ਦਾ ਸਮਾਂ ਲੱਗਾ ਹੈ। ਕੰਪਨੀ ਨੇ 1983 'ਚ ਭਾਰਤ 'ਚ ਕਾਰ ਉਤਪਾਦਨ ਸ਼ੁਰੂ ਕੀਤਾ ਸੀ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਤੇ ਸੀਈਓ ਕੇਨਿਚੀ ਅਯੂਕਾਵਾ ਨੇ ਇਸ ਉਪਲਬਧੀ 'ਤੇ ਆਪਣੇ ਸਾਰੇ ਗਾਹਕਾਂ, ਸਰਕਾਰ, ਨਿਵੇਸ਼ਕਾਂ ਤੇ ਸਾਰੇ ਸਟੇਟ ਹੋਲਡਰਸ ਦਾ ਧੰਨਵਾਦ ਕੀਤਾ ਹੈ।


ਇਸ ਤੋਂ ਪਹਿਲਾਂ ਇੱਕ ਕਰੋੜ ਕਾਰਾਂ ਦਾ ਅੰਕੜਾ ਮਾਰਚ 2011 'ਚ ਪੂਰਾ ਕੀਤਾ ਸੀ ਤੇ 1.5 ਕਰੋੜ ਦਾ ਅੰਕੜਾ ਮਈ 2015 'ਚ ਪਾਰ ਕੀਤਾ ਤੇ ਹੁਣ 2 ਕਰੋੜ ਦਾ ਅੰਕੜਾ ਪਾਰ ਕਰਦਿਆਂ ਇਤਿਹਾਸ ਰਚਿਆ ਹੈ। ਮੌਜੂਦਾ ਸਮੇਂ ਮਾਰੂਤੀ ਦੇਸ਼ 'ਚ ਗੱਡੀਆਂ ਦੇ ਕੁੱਲ 16 ਮਾਡਲ ਬਣਾ ਰਹੀ ਹੈ।


ਕੰਪਨੀ ਭਾਰਤ 'ਚ ਗੱਡੀਆਂ ਵੇਚਦੀ ਹੈ ਜਦਕਿ ਯੂਰਪ, ਏਸ਼ੀਆ, ਅਫਰੀਕਾ ਤੇ ਲੈਟਿਨ ਅਮਰੀਕਾ 'ਚ 100 ਤੋਂ ਜ਼ਿਆਦਾ ਦੇਸ਼ਾਂ 'ਚ ਨਿਰਯਾਤ ਕਰ ਰਹੀ ਹੈ। ਕੰਪਨੀ ਮੁਤਾਬਕ ਦੋ ਕਰੋੜ ਕਾਰਾਂ 'ਚੋਂ 143.7 ਲੱਖ ਕਾਰਾਂ ਦਾ ਉਤਪਾਦਨ ਗੁਰੂਗ੍ਰਾਮ ਪਲਾਂਟ 'ਚ ਹੋਇਆ ਜਦਕਿ 56.2 ਲੱਖ ਕਾਰਾਂ ਦਾ ਉਤਪਾਦਨ ਮਾਨੇਸਰ ਪਲਾਂਟ 'ਚ ਕੀਤਾ ਗਿਆ।