ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਵਿਆਹ ਵਾਲੇ ਘਰ 'ਚ ਲੱਗੀ ਅੱਗ ਕਾਰਨ ਪੰਜ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮ੍ਰਿਤਕਾਂ ਵਿੱਚ ਤਿੰਨ ਔਰਤਾਂ, ਇੱਕ ਬੱਚਾ ਵੀ ਸ਼ਾਮਲ ਹੈ। ਹਾਦਸਾ ਸੋਮਵਾਰ ਵੱਡੇ ਤੜਕੇ ਵਾਪਰਿਆ। ਉਦੋਂ ਘਰ ਵਿੱਚ ਸਾਰੇ ਸੌਂ ਰਹੇ ਸਨ। ਅੱਗ ਕਾਰਨ ਦੋ ਬੱਚੇ ਝੁਲਸ ਵੀ ਗਏ ਹਨ।


ਮ੍ਰਿਤਕਾਂ ਦੀ ਪਛਾਣ ਦੁਲਹਨ ਦੇ ਨੇੜਲੇ ਰਿਸ਼ਤੇਦਾਰ ਨਰੇਂਦਰ ਸੋਨੀ (66), ਵੀਨਾ ਸੋਨੀ (62), ਸੁਦੇਸ਼ (70), ਮੋਨਾ (40) ਤੇ ਉਨ੍ਹਾਂ ਦਾ ਪੁੱਤਰ  ਸਾਹਿਲ (8) ਵਜੋਂ ਹੋਈ ਹੈ। ਮ੍ਰਿਤਕਾਂ ਦੀ ਮੌਤ ਦਮ ਘੁਟਣ ਨਾਲ ਹੋਈ ਮੰਨੀ ਜਾਂਦੀ ਹੈ। ਘਟਨਾ ਨਾਲ ਨੇਰ ਚੌਕ ਇਲਾਕੇ ਵਿੱਚ ਮਾਤਮ ਪਸਰ ਗਿਆ ਹੈ। ਪ੍ਰਤੱਖ ਦਰਸ਼ੀਆਂ ਮੁਤਾਬਕ ਉਹ ਘਰ ਵਿੱਚ ਸੌਂ ਰਹੇ ਸਨ ਕਿ ਅਚਾਨਕ ਅੱਗ ਲੱਗ ਗਈ।

ਮੰਡੀ ਦੇ ਪੁਲਿਸ ਕਪਤਾਨ ਗੁਰਦੇਵ ਚੰਦ ਸ਼ਰਮਾ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਘਟਨਾ ਸਥਾਨ 'ਤੇ ਪਹੁੰਚੀਆਂ, ਪਰ ਕੀਮਤੀ ਜਾਨਾਂ ਬਚਾਉਣ ਵਿੱਚ ਕਾਮਯਾਬ ਨਾ ਹੋ ਸਕੇ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।