ਮੁੰਬਈ: ਬੀਜੇਪੀ ਤੇ ਸ਼ਿਵ ਸੈਨਾ ਵਿਚਾਲੇ ਆਪਸੀ ਖਹਿਬਾਜ਼ੀ ਦੇ ਚੱਲਦਿਆਂ ਸ਼ਿਵ ਸੈਨਾ ਮੁਖੀ ਉੱਦਵ ਠਾਕਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਿੰਦੂਤਵ ਨੂੰ ਲੈ ਕੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਅੱਜ ਮੋਦੀ ਰਾਜ 'ਚ ਗਾਂ ਦੀ ਰੱਖਿਆ ਹੋ ਰਹੀ ਹੈ ਪਰ ਮਹਿਲਾਵਾਂ ਅਸੁਰੱਖਿਅਤ ਹਨ।


ਠਾਕਰੇ ਨੇ ਪਾਰਟੀ ਰਸਾਲੇ 'ਸਾਮਨਾ' ਨੂੰ ਦਿੱਤੇ ਇੰਟਰਵਿਊ 'ਚ ਕਿਹਾ, "ਮੈਂ ਪਿਛਲੇ ਤਿੰਨ-ਚਾਰ ਸਾਲਾਂ ਤੋਂ ਦੇਸ਼ 'ਚ ਚੱਲ ਰਹੇ ਹਿੰਦੂਤਵ ਨੂੰ ਸਵੀਕਾਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਦੇਸ਼ 'ਚ ਮਹਿਲਾਵਾਂ ਅਸੁਰੱਖਿਅਤ ਹਨ ਜਦਕਿ ਗਾਵਾਂ ਦੀ ਰੱਖਿਆ ਕੀਤੀ ਜਾ ਰਹੀ ਹੈ। ਠਾਕਰੇ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਜਨਤਾ ਲਈ ਜੇ ਗਲਤ ਕਦਮ ਚੁੱਕੇ ਜਾਣਗੇ ਤਾਂ ਸਰਕਾਰ 'ਚ ਹਿੱਸੇਦਾਰੀ ਹੋਣ ਦੇ ਬਾਵਜੂਦ ਉਨ੍ਹਾਂ ਖਿਲਾਫ ਆਵਾਜ਼ ਬੁਲੰਦ ਕਰਨਾ ਮੈਂ ਆਪਣਾ ਫਰਜ਼ ਸਮਝਦਾ ਹਾਂ।"


ਮੋਦੀ ਸਰਕਾਰ ਖਿਲਾਫ ਲਿਆਂਦੇ ਗਏ ਬੇਭਰੋਸਗੀ ਮਤੇ 'ਤੇ ਉੱਦਵ ਠਾਕਰੇ ਨੇ ਕਿਹਾ ਕਿ ਜਿਸ ਵੇਲੇ ਲੋਕ ਸਭਾ 'ਚ ਹੱਲਾ-ਗੁੱਲਾ ਜਾਰੀ ਹੈ, ਉਸ ਵੇਲੇ ਮੈਂ ਸ਼ਾਂਤੀ ਨਾਲ ਆਪਣੀ ਗੱਲ ਰੱਖ ਰਿਹਾ ਹਾਂ।


ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਬੇਭਰੋਸਗੀ ਮਤੇ 'ਤੇ ਚਰਚਾ ਤੇ ਵੋਟਿੰਗ ਤੋਂ ਸ਼ਿਵਸੇਨਾ ਨੇ ਕਿਨਾਰਾ ਕੀਤਾ ਸੀ। ਸ਼ਿਵ ਸੈਨਾ ਕੇਂਦਰ ਤੇ ਮਹਾਰਾਸ਼ਟਰ 'ਚ ਬੀਜੇਪੀ ਦੀ ਸਹਿਯੋਗੀ ਹੈ। ਇਸ ਲਈ ਬੀਜੇਪੀ ਸ਼ਿਵ ਸੈਨਾ ਦੇ ਇਸ ਰੁਖ ਤੋਂ ਨਰਾਜ਼ ਹੈ। ਇਸੇ ਕਾਰਨ ਕੱਲ੍ਹ ਮੁੰਬਈ ਪਹੁੰਚੇ ਅਮਿਤ ਸ਼ਾਹ ਨੇ ਬੀਜੇਪੀ ਨੇਤਾਵਾਂ ਨੂੰ ਕਿਹਾ ਕਿ ਉਹ ਗਠਜੋੜ ਦੇ ਭਰੋਸੇ ਨਾ ਰਹਿਣ ਤੇ 2019 ਲੋਕ ਸਭਾ 'ਚ ਸਾਰੀਆਂ ਸੀਟਾਂ 'ਤੇ ਇਕੱਲੇ ਹੀ ਚੋਣ ਲੜਨ ਦੀ ਤਿਆਰੀ ਕਰਨ।