ਨਵੀਂ ਦਿੱਲੀ: ਕੋਰੋਨਾਵਾਇਰਸ ਕਾਰਨ ਵਿਸ਼ਵਵਿਆਪੀ ਲੌਕਡਾਊਨ ਤੇ ਹੋਰ ਪਾਬੰਦੀਆਂ ਨੇ ਭਾਰਤ ਵਰਗੇ ਦੇਸ਼ਾਂ ਦੀ ਆਰਥਿਕਤਾ ਲਈ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਸਭ ਤੋਂ ਵੱਡਾ ਸਵਾਲ ਲੋਕਾਂ ਦੇ ਰੁਜ਼ਗਾਰ ਨਾਲ ਜੁੜਿਆ ਹੋਇਆ ਹੈ।

10 ਕਰੋੜ ਨੌਕਰੀਆਂ 'ਤੇ ਖਤਰਾ:

ਸੋਮਵਾਰ ਨੂੰ ਵਣਜ ਮੰਤਰਾਲੇ ਨਾਲ ਜੁੜੀ ਸੰਸਦੀ ਸਥਾਈ ਕਮੇਟੀ ਦੀ ਬੈਠਕ 'ਚ ਸ਼ਾਮਲ ਹੋਏ ਸਰਕਾਰ ਦੇ ਨੁਮਾਇੰਦੇ ਨੇ ਕੋਰੋਨਾ ਦੌਰ ਦੌਰਾਨ ਦੇਸ਼ ਵਿੱਚ ਰੁਜ਼ਗਾਰ ਦੀ ਸਥਿਤੀ ਬਾਰੇ  ਰਿਪੋਰਟ ਦਿੱਤੀ। ਸਰਕਾਰੀ ਅਧਿਕਾਰੀ ਨੇ ਇਸ ਵਿੱਚ ਬਹੁਤ ਹੀ ਚਿੰਤਾਜਨਕ ਅੰਕੜਾ ਦਿਖਾਇਆ।

ਸੂਤਰਾਂ ਮੁਤਾਬਕ, ਉਨ੍ਹਾਂ ਨੇ ਆਪਣੀ ਪ੍ਰੈਜ਼ਨਟੈਸ਼ਨ ਵਿੱਚ ਦੱਸਿਆ ਕਿ ਕੋਰੋਨਾ ਤੇ ਲੌਕਡਾਊਨ ਕਰਕੇ ਭਾਰਤ ਵਿੱਚ ਤਕਰੀਬਨ 10 ਕਰੋੜ ਨੌਕਰੀਆਂ 'ਤੇ ਖ਼ਤਰਾ ਬਣਿਆ ਹੋਇਆ ਹੈ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਨਹੀਂ ਕੀਤਾ ਕਿ ਇਹ ਅੰਕੜਾ ਕਿੰਨੇ ਚਿਰ ਦਾ ਹੈ ਤੇ ਕਿਹੜੇ ਖੇਤਰ ਵਧੇਰੇ ਪ੍ਰਭਾਵਿਤ ਹੋ ਰਹੇ ਹਨ।

ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਕਿਉਂਕਿ ਭਾਰਤ ਹੁਨਰ ਤੇ ਕੁਸ਼ਲ ਮਜ਼ਦੂਰ ਸ਼ਕਤੀ ਦਾ ਵੱਡਾ ਨਿਰਯਾਤ ਕਰਨ ਵਾਲਾ ਦੇਸ਼ ਹੈ, ਇਸ ਲਈ ਵਿਸ਼ਵ ਭਰ ਵਿੱਚ ਆਰਥਿਕ ਤੰਗੀ ਦਾ ਪ੍ਰਭਾਵ ਵੀ ਇੱਥੇ ਪੈਣ ਵਾਲਾ ਹੈ। ਦੇਸ਼ ਦੇ ਲੋਕ ਬਾਹਰ ਜਾ ਕੇ ਕੰਮ ਕਰਦੇ ਹਨ ਪਰ ਕੋਰੋਨਾ ਵਿੱਚ ਇਸ ਦੀ ਕੜੀ ਟੁੱਟ ਗਈ। ਇਸ ਦਾ ਨਤੀਜਾ ਇਹ ਹੋਵੇਗਾ ਕਿ ਭਾਰਤ ਨੂੰ ਆਉਣ ਵਾਲੇ ਪੈਸੇ ਦੀ ਮਾਤਰਾ ਵਿੱਚ ਕਮੀ ਆਵੇਗੀ।

ਬੈਠਕ ਵਿੱਚ ਸਰਕਾਰ ਵੱਲੋਂ ਦੱਸਿਆ ਗਿਆ ਕਿ ਭਾਰਤ ਦੀ ਆਰਥਿਕਤਾ ਵੱਡੇ ਪੱਧਰ 'ਤੇ ਅਮਰੀਕਾ, ਯੂਰਪ ਤੇ ਚੀਨ ਦੇ ਨਿਵੇਸ਼ ਤੇ ਵਪਾਰ 'ਤੇ ਨਿਰਭਰ ਕਰਦੀ ਹੈ। ਕੋਰੋਨਾ ਕਰਕੇ ਵੱਖ-ਵੱਖ ਕਾਰਨਾਂ ਕਰਕੇ ਇਨ੍ਹਾਂ ਦੇਸ਼ਾਂ ਤੋਂ ਵਪਾਰ ਤੇ ਨਿਵੇਸ਼ ਵਿੱਚ ਕਮੀ ਦੀ ਸੰਭਾਵਨਾ ਹੈ। ਸਰਕਾਰ ਨੇ ਕਿਹਾ ਕਿ ਸਰਕਾਰ ਹੁਣ ਡਾਕਟਰੀ ਯੰਤਰਾਂ ਸਮੇਤ ਹੋਰ ਮਹੱਤਵਪੂਰਨ ਚੀਜ਼ਾਂ ਦੀ ਦਰਾਮਦ ਦੀ ਨਿਰਭਰਤਾ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904