ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ 10 ਸਾਲ ਦੇ ਕਾਰਜਕਾਲ 'ਤੇ ਆਧਾਰਤ ਫ਼ਿਲਮ 'ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ' ਦੇ ਟ੍ਰੇਲਰ ਜਾਰੀ ਹੁੰਦਿਆਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਵੀਰਵਾਰ ਯਾਨੀ ਬੀਤੇ ਕੱਲ੍ਹ ਹੀ ਇਸ ਫ਼ਿਲਮ ਦਾ ਟ੍ਰੇਲਰ ਜਾਰੀ ਹੋਇਆ ਹੈ, ਜਿਸ ਨੂੰ ਬੀਜੇਪੀ ਨੇ ਆਪਣੇ ਟਵਿੱਟਰ 'ਤੇ ਸਾਂਝਾ ਕੀਤਾ ਹੈ। ਅਗਲੇ ਹੀ ਦਿਨ ਮੱਧ ਪ੍ਰਦੇਸ਼ ਸਰਕਾਰ ਵੱਲੋਂ ਇਸ ਫ਼ਿਲਮ 'ਤੇ ਰੋਕ ਲਾਉਣ ਬਾਰੇ ਵਿਚਾਰ ਕਰਨ ਦੀ ਖ਼ਬਰ ਆਈ, ਜੋ ਕਿ ਗ਼ਲਤ ਨਿੱਕਲੀ। ਹਾਲਾਂਕਿ, ਇਹ ਅਫ਼ਵਾਹ ਇੰਨੀ ਫੈਲੀ ਕਿ ਆਖ਼ਰ ਮੱਧ ਪ੍ਰਦੇਸ਼ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੂੰ ਟਵੀਟ ਕਰਕੇ ਅਸਲੀਅਤ ਦੱਸਣੀ ਪਈ।


ਫ਼ਿਲਮ ਦੇ ਟ੍ਰੇਲਰ ਲਾਂਚ ਹੋਣ ਤੋਂ ਬਾਅਦ ਕਾਂਗਰਸ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਹੈ ਕਿ ਇਹ ਫ਼ਿਲਮ ਨਹੀਂ ਬਲਕਿ ਪ੍ਰਾਪੇਗੰਡਾ ਹੈ। ਕਾਂਗਰਸ ਦੇ ਸੀਨੀਅਰ ਨੇਤਾ ਪੀਐਲ ਪੂਨੀਆ ਨੇ ਕਿਹਾ ਹੈ ਕਿ ਇਹ ਬੀਜੇਪੀ ਦੀ ਹੀ ਖੇਡ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਪੰਜ ਸਾਲ ਪੂਰੇ ਹੋਣ ਵਾਲੇ ਹਨ ਤੇ ਹੁਣ ਉਨ੍ਹਾਂ ਕੋਲ ਕੁਝ ਨਹੀਂ ਹੈ, ਇਸ ਲਈ ਧਿਆਨ ਭਟਕਾਉਣ ਲਈ ਪਾਰਟੀ ਫ਼ਿਲਮ ਵਾਲਾ ਹੱਥਕੰਡਾ ਵਰਤ ਰਹੀ ਹੈ। ਹਾਲਾਂਕਿ, ਕਾਂਗਰਸ ਨੇ ਆਪਣੇ ਨੇਤਾਵਾਂ ਨੂੰ ਫ਼ਿਲਮ ਬਾਰੇ ਬਿਆਨਬਾਜ਼ੀ ਨਾ ਕਰਨ ਲਈ ਕਿਹਾ ਹੈ।


ਹਾਲਾਂਕਿ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਇਸ ਫ਼ਿਲਮ ਬਾਰੇ ਸਵਾਲ ਕੀਤਾ ਗਿਆ ਸੀ, ਪਰ ਉਨ੍ਹਾਂ ਕੁਝ ਨਾ ਬੋਲਣ ਵਿੱਚ ਹੀ ਆਪਣੀ ਭਲਾਈ ਸਮਝੀ। ਕਾਂਗਰਸ ਦੇ ਹਮਲੇ 'ਤੇ ਕੇਂਦਰੀ ਖੇਡ ਮੰਤਰੀ ਤੇ ਬੀਜੇਪੀ ਨੇਤਾ ਰਾਜਿਆਵਰਧਨ ਸਿੰਘ ਰਾਠੌੜ ਨੇ ਵੀ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਕਾਂਗਰਸ ਆਜ਼ਾਦੀ ਦੀ ਗੱਲ ਕਰਦੀ ਹੈ, ਪਰ ਹੁਣ ਆਜ਼ਾਦੀ 'ਤੇ ਸਵਾਲ ਕਿਉਂ ਖੜ੍ਹੇ ਕਰ ਰਹੀ ਹੈ।


ਸਾਬਕਾ ਪ੍ਰਧਾਨ ਮੰਤਰੀ ਦਾ ਕਿਰਦਾਰ ਨਿਭਾਉਣ ਵਾਲੇ ਬਾਲੀਵੁੱਡ ਕਲਾਕਾਰ ਅਨੁਪਮ ਖੇਰ ਨੇ ਵੀ ਕਾਂਗਰਸੀ ਲੀਡਰਾਂ 'ਤੇ ਤੰਜ਼ ਕੱਸਿਆ ਹੈ। ਖੇਰ ਨੇ ਕਿਹਾ ਹੈ ਕਿ ਉਨ੍ਹਾਂ ਹਾਲ ਹੀ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਰਾਹੁਲ ਗਾਂਧੀ ਦਾ ਟਵੀਟ ਪੜ੍ਹਿਆ ਸੀ, ਤਾਂ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਅਜਿਹੇ ਲੋਕਾਂ ਨੂੰ ਝਿੜਕਣਾ ਚਾਹੀਦਾ ਹੈ, ਜੋ ਫ਼ਿਲਮ ਬਾਰੇ ਗ਼ਲਤ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਇਹ ਵੀ ਮਨਮੋਹਨ ਸਿੰਘ ਦੀ ਮਹਾਨਤਾ ਬਾਰੇ ਬੋਲਦਿਆਂ ਕਿਹਾ ਕਿ ਵਿਰੋਧੀਆਂ ਨੂੰ ਸਿੱਖਣਾ ਚਾਹੀਦਾ ਹੈ ਕਿ ਜਿੰਨਾ ਉਹ ਵਿਰੋਧ ਕਰਨਗੇ, ਓਨਾ ਹੀ ਫ਼ਿਲਮ ਦਾ ਪ੍ਰਚਾਰ ਵੀ ਕਰਨਗੇ।


ਅਨੁਪਮ ਖੇਰ ਨੇ ਕਿਹਾ ਹੈ ਕਿ ਜਿਸ ਕਿਤਾਬ ਤੋਂ ਫ਼ਿਲਮ ਬਣਾਈ ਗਈ ਹੈ, ਉਹ ਤਾਂ ਸਾਲ 2014 ਤੋਂ ਹੀ ਬਾਜ਼ਾਰ ਵਿੱਚ ਹੈ, ਜਿਸ ਦਾ ਕਦੇ ਵੀ ਵਿਰੋਧ ਨਹੀਂ ਹੋਇਆ ਤਾਂ ਫ਼ਿਲਮ ਦਾ ਕਿਉਂ। ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਸਾਬਕਾ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੰਜੈ ਬਾਰੂ ਦੀ ਕਿਤਾਬ 'ਤੇ ਆਧਾਰਤ ਹੈ, ਜਿਸ ਵਿੱਚ ਉਨ੍ਹਾਂ ਦਾ ਕਿਰਦਾਰ ਅਕਸ਼ੈ ਖੰਨਾ ਨਿਭਾਅ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਰਤਨਾਕਰ ਗੁੱਟੇ ਨੇ ਕੀਤਾ ਹੈ। ਹੰਸਲ ਮਹਿਤਾ ਇਸ ਫ਼ਿਲਮ ਦੇ ਕ੍ਰੀਏਟਿਵ ਨਿਰਮਾਤਾ ਹਨ। ਫ਼ਿਲਮ ਵਿੱਚ ਪਰਦੇ ਉਤੇ ਤੇ ਪਰਦੇ ਦੇ ਪਿੱਛੇ ਕਈ ਬੀਜੇਪੀ ਪੱਖੀ ਚਿਹਰੇ ਹੋਣ ਕਾਰਨ ਕਾਂਗਰਸ ਵਿਰੋਧ ਕਰ ਰਹੀ ਹੈ।

ਦੇਖੋ ਫ਼ਿਲਮ ਦਾ ਟ੍ਰੇਲਰ-