Delhi News :  ਸੰਸਦ ਦੇ ਸੈਸ਼ਨ ਦੇ ਆਖਰੀ ਦਿਨ ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Vikramjit Singh Sahney) ਨੇ ਪ੍ਰਧਾਨ ਮੰਤਰੀ ਨੂੰ ਇੱਕ ਮੰਗ ਪੱਤਰ ਸੌਂਪ ਕੇ ਜੰਮੂ-ਕਸ਼ਮੀਰ ਵਿਧਾਨ ਸਭਾ ਵਿੱਚ ਕਸ਼ਮੀਰੀ ਸਿੱਖਾਂ ਲਈ 2 ਸੀਟਾਂ ਰਾਖਵੀਆਂ ਕਰਨ ਦੀ ਮੰਗ ਕੀਤੀ ਹੈ। ਸਾਹਨੀ ਨੇ ਕਿਹਾ ਕਿ ਜੰਮੂ ਅਤੇ ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2023 ਕੇਂਦਰ ਸਰਕਾਰ ਦੁਆਰਾ 26 ਜੁਲਾਈ, 2023 ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ। 


 

ਬਿੱਲ ਜੰਮੂ ਅਤੇ ਕਸ਼ਮੀਰ ਪੁਨਰਗਠਨ ਐਕਟ 2019 ਵਿੱਚ ਸੋਧ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਵਿਧਾਨ ਸਭਾ ਵਿਚ ਕਸ਼ਮੀਰ ਛੱਡ ਕੇ ਗਏ ਲੋਕਾਂ ਲਈ ਦੋ ਸੀਟਾਂ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ਤੋਂ ਵਿਸਥਾਪਿਤ ਲੋਕਾਂ ਲਈ ਇੱਕ ਸੀਟ ਰਾਖਵੀਂ ਕਰਨ ਦੀ ਮੰਗ ਕਰਦਾ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ਬਿੱਲ ਦੇ ਉਪਬੰਧਾਂ ਦੇ ਅਨੁਸਾਰ, ਇਨ੍ਹਾਂ ਮੈਂਬਰਾਂ ਨੂੰ ਉਪ-ਰਾਜਪਾਲ ਦੁਆਰਾ ਨਾਮਜ਼ਦ ਕੀਤਾ ਜਾਵੇਗਾ।

ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਸ. ਸਾਹਨੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਤੋਂ ਬਾਅਦ ਸੈਂਕੜੇ ਸਾਲਾਂ ਤੋਂ ਸਿੱਖ ਘਾਟੀ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਨੇ ਘਾਟੀ ਦੇ ਕਿਸੇ ਵੀ ਹੋਰ ਘੱਟ ਗਿਣਤੀ ਭਾਈਚਾਰੇ ਵਾਂਗ ਹੀ ਦੁੱਖ-ਦਰਦ ਝੱਲਿਆ ਹੈ। ਵਰਤਮਾਨ ਸਮੇਂ, ਕਸ਼ਮੀਰ ਘਾਟੀ ਵਿੱਚ ਇੱਕ ਲੱਖ ਤੋਂ ਵੱਧ ਸਿੱਖ ਵੱਸਦੇ ਹਨ, ਜਿਨ੍ਹਾਂ ਨੇ ਅੱਤਵਾਦੀਆਂ ਦੇ ਡਰੋਂ ਘਾਟੀ ਨਹੀਂ ਛੱਡੀ ਅਤੇ ਦਹਾਕਿਆਂ ਤੋਂ ਅੱਤਿਆਚਾਰ ਸਹਿ ਰਹੇ ਹਨ। ਉਹ ਵੀ ਨਾਮਜ਼ਦ ਮੈਂਬਰਾਂ ਵਜੋਂ ਵਿਧਾਨ ਸਭਾ ਵਿੱਚ ਨਿਰਪੱਖ ਪ੍ਰਤੀਨਿਧਤਾ ਦੇ ਹੱਕਦਾਰ ਹਨ।

“ਹੁਣ, ਜਦੋਂ ਸਰਕਾਰ ਤਿੰਨ ਸੀਟਾਂ ਰਾਖਵੀਆਂ ਕਰਨ ਦੀ ਤਜਵੀਜ਼ ਲੈ ਕੇ ਆ ਰਹੀ ਹੈ, ਸਾਨੂੰ ਜੰਮੂ-ਕਸ਼ਮੀਰ ਰਾਜ ਨੂੰ ਬਚਾਉਣ ਅਤੇ ਇਸ ਦੀ ਸੁਰੱਖਿਆ ਲਈ ਸਿੱਖ ਭਾਈਚਾਰੇ ਦੀ ਬਹਾਦਰੀ ਅਤੇ ਯੋਗਦਾਨ ਨੂੰ ਨਹੀਂ ਭੁੱਲਣਾ ਚਾਹੀਦਾ। ਸ਼ਰ. ਸਾਹਨੀ ਨੇ ਕਿਹਾ “ਅਸੀਂ ਇੱਕ ਕੌਮ ਵਜੋਂ ਜੰਮੂ-ਕਸ਼ਮੀਰ ਦੀ ਸਿੱਖ ਅਬਾਦੀ ਨੂੰ ਨਿਰਪੱਖ ਹਿੱਸਾ ਅਤੇ ਨੁਮਾਇੰਦਗੀ ਪ੍ਰਦਾਨ ਕਰਨ ਲਈ ਪਾਬੰਦ ਹਾਂ।“

ਸਾਹਨੀ ਨੇ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਸਿੱਖਾਂ ਨੇ ਬਹੁਤ ਸਾਰੇ ਅੱਤਿਆਚਾਰ ਝੱਲੇ ਹਨ ਜੋ ਚਿਟੀਸਿੰਘਪੁਰਾ ਦੇ ਬਰਬਰ ਕਤਲੇਆਮ ਨੂੰ ਨਹੀਂ ਭੁਲਾ ਸਕਦੇ, ਜਿੱਥੇ 34 ਨਿਰਦੋਸ਼ ਸਿੱਖ ਮਾਰੇ ਗਏ ਸਨ ਅਤੇ ਮਹਿਜੂਰ ਨਗਰ ਸਿੱਖ ਕਤਲੇਆਮ, ਵਿੱਚ 6 ਨਿਰਦੋਸ਼ ਸਿੱਖ ਜਾਨਾਂ ਗਈਆਂ ਸਨ ਅਤੇ ਕਈ ਸਖਤ ਜ਼ਖ਼ਮੀ ਹੋਏ ਸਨ। ਸਾਹਨੀ ਨੇ ਜੰਮੂ-ਕਸ਼ਮੀਰ ਰਾਜ ਵਿੱਚ ਸਿੱਖਾਂ ਲਈ ਘੱਟ ਗਿਣਤੀ ਦਾ ਦਰਜਾ ਅਤੇ ਪ੍ਰਧਾਨ ਮੰਤਰੀ ਵਿਸ਼ੇਸ਼ ਪੈਕੇਜ ਦੇ ਤਹਿਤ ਸਿੱਖਾਂ ਲਈ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਵਿੱਚ ਰਾਖਵੇਂਕਰਨ ਦੀ ਮੰਗ ਵੀ ਕੀਤੀ ਅਤੇ ਇਸ ਦੇ ਨਾਲ-ਨਾਲ ਉਨ੍ਹਾਂ ਹੋਰ ਲਾਭਾਂ ਦੀ ਵੀ ਮੰਗ ਕੀਤੀ, ਜਿਨ੍ਹਾਂ ਦਾ ਉਹ ਘੱਟ ਗਿਣਤੀ ਹੋਣ ਵਜੋਂ ਹੱਕਦਾਰ ਹਨ।

ਸਾਹਨੀ ਨੇ ਕਿਹਾ ਕਿ ਜੇਕਰ ਇਤਿਹਾਸ ਵਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਆਜ਼ਾਦੀ ਤੋਂ ਬਾਅਦ 1947 ਵਿੱਚ ਜਦੋਂ ਕਸ਼ਮੀਰ ਉਤੇ ਕਬਾਇਲੀਆਂ ਨੇ ਪਹਿਲੀ ਵਾਰ ਹਮਲਾ ਕੀਤਾ ਸੀ, ਉਸ ਵਹਿਸ਼ੀਆਨਾ ਹਮਲੇ ਦਾ ਸਾਹਮਣਾ ਕਰਨ ਵਾਲੇ ਪਹਿਲੇ ਮੋਰਚੇ ਵਿਚ ਸਿੱਖ ਹੀ ਸਨ, ਜਦੋਂ ਵੀ ਕਿਸੇ ਕੌਮ ਵੱਲੋਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਗਈਆਂ ਸਨ, ਉਦੋਂ ਸਿੱਖ ਹੀ ਸਨ। ਅਸਲ ਵਿੱਚ, ਸਿੱਖਾਂ ਨੇ 1990 ਦੇ ਦਹਾਕੇ ਦੇ ਭਿਆਨਕ ਨਿਕਾਲੇ ਦੌਰਾਨ ਕਸ਼ਮੀਰ ਘਾਟੀ ਨੂੰ ਨਹੀਂ ਛੱਡਿਆ ਸੀ, ਜਦ ਕਿ ਸੰਸਾਰ ਵਿੱਚ ਸਿੱਖ ਹੀ ਇੱਕ ਅਜਿਹਾ ਭਾਈਚਾਰਾ ਹੈ ਜਿਸ ਦੀ ਪਛਾਣ ਉਨ੍ਹਾਂ ਦੀ ਬਾਹਰੀ ਦਿੱਖ ਤੋਂ ਕੀਤੀ ਜਾ ਸਕਦੀ ਹੈ। ਸਿੱਖਾਂ ਦੀ ਬਦੌਲਤ ਹੀ ਕਸ਼ਮੀਰ ਘਾਟੀ ਵਿੱਚ ਬਹੁਲਤਾ ਕਾਇਮ ਰਹੀ ਹੈ।