ਚੰਡੀਗੜ੍ਹ: ਬਰਕਲੇ ਹੁਰੂਨ ਇੰਡੀਆ ਨੇ ਆਪਣੀ 2018 ਦੀ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਮੁਕਾਬਕ ਭਾਰਤ ਦੇ ਸਭ ਤੋਂ ਅਮੀਰ ਆਦਮੀ ਮੁਕੇਸ਼ ਅੰਬਾਨੀ ਪਿਛਲੇ ਇੱਕ ਸਾਲ ਤੋਂ ਰੋਜ਼ਾਨਾ 300 ਕਰੋੜ ਰੁਪਏ ਕਮਾ ਰਹੇ ਹਨ। 3,71,000 ਕਰੋੜ ਦੀ ਜਾਇਦਾਦ ਨਾਲ ਮੁਕੇਸ਼ ਅੰਬਾਨੀ ਇਸ ਲਿਸਟ ਵਿੱਚ ਸਭ ਤੋਂ ਮੋਹਰੀ ਬਣੇ ਹੋਏ ਹਨ। ਰਿਲਾਇੰਸ ਇੰਡਸਟ੍ਰੀਸ ਦੇ ਚੇਅਰਮੈਨ ਅੰਬਾਨੀ ਦੀ ਕੰਪਨੀ ਦੇ ਸ਼ੇਅਰ ਵਿੱਚ 45 ਫੀਸਦੀ ਤੋਂ ਵੱਧ ਦਾ ਇਜ਼ਾਫਾ ਹੋਇਆ ਹੈ।

ਬਰਕਲੇ ਹੁਰੂਨ ਇੰਡੀਆ ਰਿਚ ਲਿਸਟ ਵਿੱਚ ਭਾਰਤ ਦੇ ਉਨ੍ਹਾਂ ਸਭ ਤੋਂ ਅਮੀਰ ਵਿਅਕਤੀਆਂ ਦਾ ਆਂਕਲਣ ਕੀਤਾ ਜਾਂਦਾ ਹੈ ਜਿਨ੍ਹਾਂ ਦੀ ਜਾਇਦਾਦ ਇੱਕ ਹਜ਼ਾਰ ਕਰੋੜ ਰੁਪਏ ਜਾਂ ਉਸ ਤੋਂ ਵੱਧ ਹੈ। 2017 ਵਿੱਚ ਇਸ ਲਿਸਟ ਵਿੱਚ 617 ਲੋਕ ਸਨ ਜਦਕਿ 2018 ਵਿੱਚ ਇਨ੍ਹਾਂ ਦੀ ਗਿਣਤੀ 831 ਤਕ ਪਹੁੰਚ ਗਈ ਹੈ। ਇਸ ਲਿਸਟ ਵਿੱਚ 66 NRI ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਵਿੱਚ 21 ਵਿਅਕਤੀਆਂ ਨਾਲ ਸੰਯੁਕਤ  ਅਰਬ ਅਮੀਰਾਤ NRI ਲਈ ਸਭ ਤੋਂ ਪਸੰਦੀਦਾ ਦੇਸ਼ ਹੈ। ਇਸ ਤੋਂ ਬਾਅਦ ਅਮਰੀਕਾ ਤੇ ਬ੍ਰਿਟੇਨ ਦਾ ਨੰਬਰ ਆਉਂਦਾ ਹੈ।

ਮੁਕੇਸ਼ ਅੰਬਾਨੀ ਦੀ ਜਾਇਦਾਦ ਉਨ੍ਹਾਂ ਤੋਂ ਪਿਛਲੇ ਤਿੰਨ ਅਮੀਰਾਂ ਦੀ ਕੁੱਲ ਜਾਇਦਾਦ ਤੋਂ ਵੀ ਵੱਧ ਹੈ। ਐਸਪੀ ਹਿੰਦੁਜਾ ਐਂਡ ਫੈਮਿਲੀ (15,9,000 ਕਰੋੜ ਰੁਪਏ), ਐਲਐਨ ਮਿੱਤਲ (1,14,500 ਕਰੋੜ ਰੁਪਏ) ਤੇ ਅਜੀਮ ਪ੍ਰੇਮਜੀ (96,100 ਕਰੋੜ ਰੁਪਏ) ਦੀ ਕੁੱਲ ਜਾਇਦਾਦ ਮੁਕੇਸ਼ ਅੰਬਾਨੀ ਦੀ ਜਾਇਦਾਦ ਤੋਂ ਘੱਟ ਹੈ।

ਜੇ ਭਾਰਤ ਦੇ ਸਭ ਤੋਂ ਅਮੀਰ ਪਰਿਵਾਰਾਂ ਦੀ ਗੱਲ ਕੀਤੀ ਜਾਏ ਤਾਂ ਇੱਥੇ ਵੀ ਅੰਬਾਨੀ ਪਰਿਵਾਰ ਦੇ ਆਸਪਾਸ ਕੋਈ ਨਹੀਂ ਟਿਕਦਾ। 3,90,500 ਕਰੋੜ ਦੀ ਜਾਇਦਾਦ ਨਾਲ ਅੰਬਾਨੀ ਪਰਿਵਾਰ ਪਹਿਲੇ, 2,23,000 ਕਰੋੜ ਰੁਪਏ ਦੀ ਜਾਇਦਾਦ ਨਾਲ ਗੌਦਰੇਜ ਸਮੂਹ ਦੂਜੇ, 1,59,000 ਕਰੋੜ ਰੁਪਏ ਨਾਲ ਹਿੰਦੁਜਾ ਫੈਸਲੀ ਤੀਜੇ, 1,38,800 ਕਰੋੜ ਦੀ ਜਾਇਦਾਦ ਨਾਲ ਮਿਸਤਰੀ ਪਰਿਵਾਰ ਚੌਥੇ ਤੇ 92,400 ਕਰੋੜ ਦੀ ਜਾਇਦਾਦ ਨਾਲ ਸਾਂਘਵੀ ਪਰਿਵਾਰ 5ਵੇਂ ਸਥਾਨ ’ਤੇ ਹੈ।