ਮੁੰਬਈ: ਮੁਕੇਸ਼ ਅੰਬਾਨੀ ਰਿਲਾਇੰਸ ਨੂੰ ਟੈਕਨਾਲੋਜੀ ਤੇ ਈ-ਕਾਮਰਸ ਕੰਪਨੀ ਵਿੱਚ ਬਦਲਣਾ ਚਾਹੁੰਦੇ ਹਨ। ਇਹੀ ਕਾਰਨ ਹੈ ਕਿ ਸਾਲ 2020 ਉਸ ਲਈ ਫੇਸਬੁੱਕ ਇੰਕ, ਗੂਗਲ ਤੇ ਵਾਲ ਸਟਰੀਟ ਦੀਆਂ ਕੁਝ ਕੰਪਨੀਆਂ ਨੂੰ ਮਨਾਉਣ ਵਿੱਚ ਬੀਤਿਆ ਹੈ ਤਾਂ ਜੋ ਇਹ ਉਸ ਦੇ ਸੁਪਨੇ ਵਿੱਚ ਸ਼ਾਮਲ ਹੋ ਸਕਣ। ਹੁਣ ਉਨ੍ਹਾਂ ਕੋਲ 27 ਅਰਬ ਡਾਲਰ ਦਾ ਨਿਵੇਸ਼ ਯਾਨੀ ਫ੍ਰੈਸ਼ ਕੈਪੀਟਲ ਹੈ, ਜਿਸ ਕਾਰਨ ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ 'ਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਦਾ ਦਬਾਅ ਵੱਧ ਗਿਆ ਹੈ।

ਇਸ ਲਈ ਉਸ ਨੇ ਕੁਝ ਤਰਜੀਹਾਂ ਤੈਅ ਕੀਤੀਆਂ ਹਨ। ਇਨ੍ਹਾਂ ਵਿੱਚ 5G ਨੈਟਵਰਕ ਲਈ ਉਤਪਾਦ ਵਿਕਸਤ ਕਰਨਾ, ਫੇਸਬੁੱਕ ਤੇ ਵਟਸਐਪ ਦੀ ਭੁਗਤਾਨ ਸੇਵਾ ਨੂੰ ਰਿਲਾਇੰਸ ਦੇ ਡਿਜੀਟਲ ਪਲੇਟਫਾਰਮ ਨਾਲ ਜੋੜਨਾ ਤੇ ਈ-ਕਾਮਰਸ ਕਾਰੋਬਾਰ ਨੂੰ ਭੌਤਿਕ ਸਟੋਰਾਂ ਨਾਲ ਜੋੜਨਾ ਸ਼ਾਮਲ ਹੈ। ਉਹ ਰਿਲਾਇੰਸ ਦੇ ਤੇਲ ਤੇ ਪੈਟਰੋ ਕੈਮੀਕਲ ਕਾਰੋਬਾਰ ਵਿੱਚ ਹਿੱਸੇਦਾਰੀ ਵੇਚਣ ਦੀ ਵੀ ਯੋਜਨਾ ਬਣਾ ਰਿਹਾ ਹੈ।

ਮੁਕੇਸ਼ ਅੰਬਾਨੀ ਦੀ ਹਰ ਯੋਜਨਾ ਤੇ ਨਿਵੇਸ਼ਕ ਦੀ ਨਜ਼ਰ ਰਹਿੰਦੀ ਹੈ। ਉਹ ਆਪਣੇ ਤੇਲ ਅਤੇ ਪੈਟਰੋ ਕੈਮੀਕਲ ਕਾਰੋਬਾਰ ਵਿੱਚ 20% ਹਿੱਸੇਦਾਰੀ ਸਾਊਦੀ ਅਰਬ ਦੀ ਇੱਕ ਕੰਪਨੀ ਨੂੰ ਵੇਚਣਾ ਚਾਹੁੰਦਾ ਸੀ ਜਿਸ ਦਾ ਐਲਾਨ ਅਗਸਤ 2019 ਵਿੱਚ ਹੋਇਆ ਸੀ। ਇਸ ਨਾਲ ਕੰਪਨੀ ਨੂੰ ਆਪਣਾ ਕਰਜ਼ਾ ਚੁਕਾਉਣ ਵਿਚ ਮਦਦ ਮਿਲਦੀ ਪਰ ਦੋਵਾਂ ਕੰਪਨੀਆਂ ਵਿਚਾਲੇ ਗੱਲਬਾਤ ਰੁਕ ਗਈ ਤੇ ਰਿਲਾਇੰਸ ਦੇ ਸ਼ੇਅਰ ਤਿੰਨ ਮਹੀਨਿਆਂ ਵਿੱਚ 40 ਪ੍ਰਤੀਸ਼ਤ ਘੱਟ ਗਏ।

ਇਸ ਸਾਲ, ਰਿਲਾਇੰਸ ਦਾ ਸਟਾਕ ਸਤੰਬਰ ਵਿੱਚ 55% ਦੇ ਉਛਾਲ ਨਾਲ ਰਿਕਾਰਡ ਤੇ ਪਹੁੰਚ ਗਿਆ ਪਰ ਉਦੋਂ ਤੋਂ ਇਸ ਦੇ ਵਿੱਚ ਗਿਰਾਵਟ ਆਈ ਹੈ। ਹਿੱਸੇਦਾਰ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਅੰਬਾਨੀ ਉਨ੍ਹਾਂ ਦੇ ਸੁਪਨੇ ਨੂੰ ਕਿਵੇਂ ਪੂਰਾ ਕਰਦਾ ਹੈ। ਅੰਬਾਨੀ ਨੇ ਫੇਸਬੁੱਕ ਵਰਗੇ ਨਵੇਂ ਨਿਵੇਸ਼ਕਾਂ ਨਾਲ ਸਾਂਝੇਦਾਰੀ ਲਈ ਹੈ ਪਰ ਅਸਲ ਵਿੱਚ ਇਹ ਉਸਦੀ ਵਿਕਲਪਕ ਯੋਜਨਾ ਸੀ।