Dahi Handi Festival in Mumbai: ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਅੱਜ ਕ੍ਰਿਸ਼ਨ ਜਨਮ ਅਸ਼ਟਮੀ (Krishna Janamashtmi) ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਭਾਵੇਂ ਕ੍ਰਿਸ਼ਨ ਜਨਮ ਅਸ਼ਟਮੀ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਈ ਜਾਂਦੀ ਹੈ ਪਰ ਮੁੰਬਈ ਵਿੱਚ ਇਸ ਤਿਉਹਾਰ ਨੂੰ ਮਨਾਉਣ ਦਾ ਤਰੀਕਾ ਬਿਲਕੁਲ ਵੱਖਰਾ ਹੈ। ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ 'ਤੇ ਅੱਜ ਮੁੰਬਈ ਅਤੇ ਆਸ-ਪਾਸ ਦੇ ਸ਼ਹਿਰਾਂ 'ਚ ਵੀ ਦਹੀਂ ਹਾਂਡੀ ਦਾ ਤਿਉਹਾਰ (Dahi Handi Festival) ਮਨਾਇਆ ਜਾਵੇਗਾ।



ਇਸ ਖਾਸ ਮੌਕੇ 'ਤੇ ਦੋ ਸਾਲਾਂ ਬਾਅਦ ਅੱਜ ਮਹਾਰਾਸ਼ਟਰ ਦੇ ਮੁੰਬਈ 'ਚ ਗੋਵਿੰਦਾ ਆਲਾ ਰੇ ਆਲਾ ਦੀ ਗੂੰਜ ਸੁਣਾਈ ਦੇਵੇਗੀ। ਅਜਿਹਾ ਇਸ ਲਈ ਕਿਉਂਕਿ ਦਹੀਂ ਹਾਂਡੀ ਦਾ ਤਿਉਹਾਰ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਮੁੰਬਈ ਵਿੱਚ ਮਨਾਏ ਜਾਣ ਵਾਲੇ ਇਸ ਸਾਹਸੀ ਅਤੇ ਜੋਖਮ ਭਰੇ ਖੇਡ ਲਈ ਅਭਿਆਸ ਕਈ ਦਿਨ ਪਹਿਲਾਂ ਸ਼ੁਰੂ ਹੋ ਜਾਂਦਾ ਹੈ।



ਦਹੀਂ ਹਾਂਡੀ ਨੂੰ ਸਾਹਸੀ ਖੇਡ ਦਾ ਮਿਲਿਆ ਦਰਜਾ 
ਦਹੀਂ ਹਾਂਡੀ ਦੇ ਤਿਉਹਾਰ ਨੂੰ ਹੁਣ ਮਹਾਰਾਸ਼ਟਰ ਵਿੱਚ ਸਾਹਸੀ ਖੇਡ ਦਾ ਦਰਜਾ ਮਿਲ ਗਿਆ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਪ੍ਰਸਿੱਧ ਤਿਉਹਾਰ ਦਹੀ ਹਾਂਡੀ ਨੂੰ ਸਾਹਸੀ ਖੇਡ ਦਾ ਦਰਜਾ ਦੇਣ ਦਾ ਫੈਸਲਾ ਕੀਤਾ। ਦਹੀਂ-ਹਾਂਡੀ ਦੇ ਤਿਉਹਾਰ ਦੌਰਾਨ, ਦਹੀਂ ਨਾਲ ਭਰੇ ਇੱਕ ਘੜੇ ਨੂੰ ਰੱਸੀ ਦੀ ਮਦਦ ਨਾਲ ਹਵਾ ਵਿੱਚ ਉੱਚਾ ਲਟਕਾਇਆ ਜਾਂਦਾ ਹੈ। ਜਿਸ ਨੂੰ ਮਨੁੱਖੀ ਪਿਰਾਮਿਡ ਬਣਾ ਕੇ ਤੋੜਿਆ ਜਾਂਦਾ ਹੈ।



ਖੇਡ ਕੋਟੇ ਤਹਿਤ ਸਰਕਾਰੀ ਨੌਕਰੀਆਂ ਵਿੱਚ ਮਿਲੇਗੀ ਛੋਟ 
ਦਹੀਂ ਹਾਂਡੀ ਦੇ ਤਿਉਹਾਰ ਨੂੰ ਸਾਹਸੀ ਖੇਡਾਂ ਦਾ ਦਰਜਾ ਮਿਲਣ ਤੋਂ ਬਾਅਦ ਹੁਣ ਇਸ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨ ਖੇਡ ਕੋਟੇ ਤਹਿਤ ਸਰਕਾਰੀ ਨੌਕਰੀਆਂ ਲਈ ਅਪਲਾਈ ਕਰ ਸਕਣਗੇ। ਇਸ ਦੇ ਨਾਲ ਹੀ ਸੀਐਮ ਏਕਨਾਥ ਸ਼ਿੰਦੇ ਨੇ ਕਿਹਾ ਕਿ ਮਨੁੱਖੀ ਪਿਰਾਮਿਡ ਦੇ ਨਿਰਮਾਣ ਦੌਰਾਨ ਕਿਸੇ ਵੀ ਖਿਡਾਰੀ ਦੇ ਜਾਨੀ ਨੁਕਸਾਨ ਦੀ ਸਥਿਤੀ ਵਿੱਚ, ਖਿਡਾਰੀ ਜਾਂ ਉਸਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।



ਜ਼ਖਮੀ ਹੋਣ  'ਤੇ ਮਿਲੇਗਾ ਮੁਆਵਜ਼ਾ 
ਉਨ੍ਹਾਂ ਕਿਹਾ ਕਿ ਦਹੀਂ ਹਾਂਡੀ ਦੇ ਤਿਉਹਾਰ ਮੌਕੇ ਮਨੁੱਖੀ ਪਿਰਾਮਿਡ ਬਣਾਉਣ ਸਮੇਂ ਜੇਕਰ ਕਿਸੇ ਖਿਡਾਰੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਜੇਕਰ ਖਿਡਾਰੀ ਗੰਭੀਰ ਰੂਪ ਨਾਲ ਜ਼ਖਮੀ ਹੁੰਦਾ ਹੈ ਤਾਂ ਉਸ ਨੂੰ ਸੱਤ ਲੱਖ ਰੁਪਏ ਅਤੇ ਮਾਮੂਲੀ ਸੱਟਾਂ ਲਈ ਪੰਜ ਲੱਖ ਰੁਪਏ ਦਿੱਤੇ ਜਾਣਗੇ।