ਨਵੀਂ ਦਿੱਲੀ: ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਨੂੰ ਜਿੱਤ ਮਿਲ ਗਈ ਹੈ ਪਰ ਇਸ ਜਿੱਤ ਮਗਰੋਂ ਵੀ ਪਾਰਟੀ ਦੀਆਂ ਰਾਜ ਸਭਾ ਸੀਟਾਂ ਘੱਟ ਹੋ ਜਾਣਗੀਆਂ। ਅਗਲੇ ਸਾਲ ਮਾਰਚ ਵਿੱਚ ਸੰਸਦ ਦੇ ਉੱਚ ਸਦਨ ਵਿੱਚ 50 ਨਵੇਂ ਮੈਂਬਰ ਦੇਸ਼ ਦੇ 14 ਰਾਜਾਂ ਤੋਂ ਚੁਣੇ ਜਾਣਗੇ। ਇਨ੍ਹਾਂ ਵਿੱਚੋਂ 4 ਸੀਟਾਂ ਗੁਜਰਾਤ ਦੇ ਕੋਟੇ ਵਿੱਚੋਂ ਹਨ। 99 ਸੀਟਾਂ ਉੱਤੇ ਵਿਧਾਨ ਸਭਾ ਵਿੱਚ ਜਿੱਤ ਦਰਜ ਕਰਨ ਮਗਰੋਂ ਹੁਣ 4 ਵਿੱਚੋਂ ਸਿਰਫ਼ ਦੋ ਹੀ ਸੀਟਾਂ ਉੱਤੇ ਬੀਜੇਪੀ ਦਾ ਕਬਜ਼ਾ ਰਹੇਗਾ। ਬਾਕੀ ਦੋ ਸੀਟਾਂ ਕਾਂਗਰਸ ਦੇ ਖਾਤੇ ਵਿੱਚ ਜਾਣਗੀਆਂ।

180 ਸੀਟਾਂ ਵਾਲੀ ਗੁਜਰਾਤ ਵਿਧਾਨ ਸਭਾ ਵਿੱਚ 4 ਸੀਟਾਂ (36 ਵਿਧਾਇਕਾਂ ਉੱਤੇ ਇੱਕ ਰਾਜ ਸਭਾ ਸੀਟ) ਹੈ। ਬੀਜੇਪੀ ਦੇ 99 ਵਿਧਾਇਕ ਹਨ ਤੇ ਕਾਂਗਰਸ ਦੇ 77। ਇਸ ਗਿਣਤੀ ਦੇ ਆਧਾਰ ਉੱਤੇ ਦੋਵੇਂ ਹੀ ਪਾਰਟੀਆਂ ਨੂੰ ਦੋ-ਦੋ ਸੀਟਾਂ ਰਾਜ ਸਭ ਵਿੱਚ ਮਿਲਣ ਜਾ ਰਹੀਆਂ ਹਨ। ਰਾਜ ਸਭਾ ਦੀਆਂ 4 ਸੀਟਾਂ ਉੱਤੇ ਗੁਜਰਾਤ ਦੇ ਚਾਰੇ ਪ੍ਰਤੀਨਿਧੀ ਅਗਲੇ ਸਾਲ 2018 ਵਿੱਚ ਰਿਟਾਇਰ ਹੋਣ ਜਾ ਰਹੇ ਹਨ।

ਅਪ੍ਰੈਲ ਵਿੱਚ ਬੀਜੇਪੀ ਦੇ ਚਾਰ ਰਾਜ ਸਭਾ ਸਾਂਸਦ ਆਪਣਾ ਕਾਰਜਕਾਲ ਪੂਰਾ ਕਰ ਕੇ ਰਿਟਾਇਰ ਹੋਣਗੇ। ਇਸ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ, ਪੁਰਸ਼ੋਤਮ ਰੁਪਾਲਾ, ਮਨਸੁਖ ਮਾਂਡਵਡੀਆ ਤੇ ਸ਼ੰਕਰ ਭਾਈ ਵੇਗਾੜ ਹਨ। ਇਸ ਵਕਤ ਰਾਜ ਸਭਾ ਵਿੱਚ ਗੁਜਰਾਤ ਤੋਂ 11 ਸਾਂਸਦ ਹਨ ਜਿਨ੍ਹਾਂ ਵਿੱਚ 9 ਬੀਜੇਪੀ ਦੇ ਹਨ। ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਗਿਣਤੀ ਘੱਟ ਕੇ 7 ਤੱਕ ਰਹਿ ਜਾਵੇਗੀ।